ਨਵੀਂ ਦਿੱਲੀ (ਜੇਐੱਨਐੱਨ) : ਮਹਿਲਾ ਭਲਵਾਨਾਂ ਦਾ ਰਾਸ਼ਟਰੀ ਕੈਂਪ ਆਖ਼ਰ 10 ਅਕਤੂਬਰ ਤੋਂ ਲਖਨਊ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਸ਼ੁਰੂ ਹੋਵੇਗਾ। ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਨਾਲ ਹੀ ਚੌਕਸ ਕੀਤਾ ਕਿ ਜੋ ਭਲਵਾਨ ਕੈਂਪ ਵਿਚ ਹਿੱਸਾ ਨਹੀਂ ਲੈਣਗੀਆਂ ਉਨ੍ਹਾਂ ਦੇ ਨਾਂ 'ਤੇ ਰਾਸ਼ਟਰੀ ਟੀਮ ਵਿਚ ਚੋਣ ਲਈ ਵਿਚਾਰ ਨਹੀਂ ਕੀਤਾ ਜਾਵੇਗਾ। ਰਾਸ਼ਟਰੀ ਕੈਂਪ ਇਕ ਸਤੰਬਰ ਤੋਂ ਸ਼ੁਰੂ ਹੋਣਗਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਟਾਲ਼ ਦਿੱਤਾ ਗਿਆ। ਹਾਲਾਤ ਉਸ ਸਮੇਂ ਹੋਰ ਖ਼ਰਾਬ ਹੋ ਗਏ ਜਦ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਦੇਸ਼ ਦੇ ਚਾਰ ਭਲਵਾਨਾਂ 'ਚੋਂ ਦੋ ਵਿਨੇਸ਼ ਫੋਗਾਟ ਤੇ ਦੀਪਕ ਪੂਨੀਆ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਜਿਸ ਨਾਲ ਕਈ ਭਲਵਾਨ ਡਰ ਗਏ। ਹਾਲਾਤ ਮੁਤਾਬਕ ਤੇ ਭਾਰਤੀ ਖੇਡ ਅਥਾਰਟੀ (ਸਾਈ) ਦੀ ਸਲਾਹ 'ਤੇ ਡਬਲਯੂਐੱਫਆਈ ਨੇ ਛੇ ਓਲੰਪਿਕ ਭਾਰ ਵਰਗਾਂ ਵਿਚ ਕੈਂਪ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ ਜਿਸ ਵਿਚ 50 ਕਿਲੋਗ੍ਰਾਮ, 53 ਕਿਲੋਗ੍ਰਾਮ, 57 ਕਿਲੋਗ੍ਰਾਮ, 62 ਕਿਲੋਗ੍ਰਾਮ, 68 ਕਿਲੋਗ੍ਰਾਮ ਤੇ 76 ਕਿਲੋਗ੍ਰਾਮ ਵਰਗ ਸ਼ਾਮਲ ਹਨ। ਇਹ ਕੈਂਪ 31 ਦਸੰਬਰ ਤਕ ਚੱਲੇਗਾ। ਕੁਸ਼ਤੀ ਉਨ੍ਹਾਂ ਨੌਂ ਖੇਡਾਂ ਵਿਚ ਸ਼ਾਮਲ ਹੈ ਜਿਸ ਨੂੰ ਸਾਈ ਨੇ ਆਪਣੀਆਂ ਖੇਲੋ ਇੰਡੀਆ ਫਿਰ ਸੇ ਪਹਿਲ ਦੇ ਤਹਿਤ ਪੰਜ ਅਕਤੂਬਰ ਤੋਂ ਖੇਡ ਸਰਗਰਮੀਆਂ ਬਹਾਲ ਕਰਨ ਲਈ ਚੁਣਿਆ ਹੈ।