ਹੌਸਲਾ

-13 ਸਾਲ ਦੀ ਉਮਰ 'ਚ ਪਹਿਲਾ ਤੇ 14 ਸਾਲ ਦੀ ਉਮਰ 'ਚ ਹੋਇਆ ਦੂਜਾ ਵਿਆਹ

-17 ਸਾਲ ਦੀ ਉਮਰ 'ਚ ਬਣੀ ਜੂਨੀਅਰ ਕੁਸ਼ਤੀ ਦੀ ਨੈਸ਼ਨਲ ਚੈਂਪੀਅਨ

ਰੋਹਤਕ (ਜੇਐੱਨਐੱਨ) : ਬਚਪਨ ਤੋਂ ਹੀ ਰੈਸਲਰ ਬਣਨ ਦਾ ਸੁਪਨਾ ਦੇਖਣ ਵਾਲੀ ਬੱਚੀ। ਉਲਟ ਹਾਲਾਤ 'ਚ 13 ਸਾਲ ਦੀ ਉਮਰ 'ਚ ਵਿਆਹ। 14 ਸਾਲ ਦੀ ਉਮਰ ਵਿਚ ਦੂਜੀ ਵਾਰ ਵਿਆਹ ਤੇ 15 ਸਾਲ ਦੀ ਉਮਰ ਵਿਚ ਜੋੜੇ ਬੱਚਿਆਂ ਦੀ ਮਾਂ ਬਣ ਗਈ। ਇਸ ਤੋਂ ਬਾਅਦ ਵੀ ਉਸ ਨੇ ਆਪਣੇ ਸੁਪਨੇ ਨੂੰ ਨਹੀਂ ਮਰਨ ਦਿੱਤਾ। ਪਤੀ ਨਾਲ ਗੱਲ ਕੀਤੀ ਉਸ ਨੇ ਸਾਥ ਦਿੱਤਾ ਤੇ ਨੀਤੂ ਸਾਰੇ ਅੜਿੱਕਿਆਂ ਨੂੰ ਪਾਰ ਕਰਦੇ ਹੋਏ ਨੈਸ਼ਨਲ ਪੱਧਰ ਦੀ ਰੈਸਲਰ ਬਣ ਗਈ। ਤਿੰਨ ਦਿਨ ਪਹਿਲਾਂ ਨੀਤੂ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿਚ ਅੰਡਰ-23 ਦੇ 57 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤਿਆ। ਬਚਪਨ ਤੋਂ ਹੀ ਰੈਸਲਰ ਬਣਨ ਦਾ ਸੁਪਨਾ ਦੇਖਣ ਵਾਲੀ ਨੀਤੂ ਦਾ ਰਾਹ ਸੌਖਾ ਨਹੀਂ ਰਿਹਾ। ਨੀਤੂ ਸਵੇਰੇ ਤਿੰਨ ਵਜੇ ਉੱਠ ਕੇ ਪਤੀ ਸੰਜੇ ਨਾਲ ਬਾਈਕ 'ਤੇ 40 ਕਿਲੋਮੀਟਰ ਦੂਰ ਰੋਹਤਕ ਦੇ ਛੋਟੂਰਾਮ ਸਟੇਡੀਅਮ ਵਿਚ ਅਭਿਆਸ ਲਈ ਜਾਂਦੀ ਰਹੀ। 2013 ਵਿਚ ਉਨ੍ਹਾਂ ਨੇ ਕੋਚ ਮਨਦੀਪ ਤੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਇੱਥੇ ਉਹ ਸੱਤ ਵਜੇ ਤਕ ਅਭਿਆਸ ਕਰਦੀ। ਭਾਰ ਘੱਟ ਕਰਨ ਲਈ ਉਹ ਗਰਮੀਆਂ ਵਿਚ ਦਸ ਦਸ ਕਿਲੋਮੀਟਰ ਤਕ ਦੌੜ ਲਾਉਂਦੀ। ਇਸ ਦੌਰਾਨ ਉਸ ਨੇ ਜ਼ਿਲ੍ਹਾ ਤੇ ਸੂਬਾਈ ਪੱਧਰ 'ਤੇ ਕਈ ਮੈਡਲ ਜਿੱਤੇ। ਬਿਹਤਰੀਨ ਪ੍ਰਦਰਸ਼ਨ ਕਾਰਨ ਉਸ ਦੀ ਚੋਣ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ਵਿਚ ਹੋਈ ਜਿਸ ਵਿਚ ਉਸ ਨੇ ਕਾਂਸੇ ਦਾ ਮੈਡਲ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮੈਡਲ ਜਿੱਤੇ। 2015 ਵਿਚ ਬ੍ਰਾਜ਼ੀਲ ਵਿਚ ਹੋਈ ਵਿਸ਼ਵ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਸ ਨੇ ਦੇਸ਼ ਦੀ ਨੁਮਾਇੰਦਗੀ ਵੀ ਕੀਤੀ।

ਵਿਸਵ ਚੈਂਪੀਅਨਸ਼ਿਪ 'ਚ ਗੋਲਡ ਜਿੱਤਣ 'ਤੇ ਹੈ ਫੋਕਸ :

ਨੀਤੂ ਦੀਆਂ ਉਪਲੱਭਧੀਆਂ ਕਾਰਨ ਬੀਐੱਸਐੱਫ ਨੇ ਉਸ ਨੂੰ ਨੌਕਰੀ ਦਿੱਤੀ। ਇੱਥੇ ਉਸ ਨੂੰ ਸਿਖਲਾਈ ਰਾਜੀਵ ਰਾਣਾ ਦਿੰਦੇ ਹਨ। ਉਸ ਨੇ ਦੱਸਿਆ ਕਿ ਹੁਣ ਉਹ ਰੂਸ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ 'ਤੇ ਫੋਕਸ ਕਰ ਰਹੀ ਹੈ।