ਨਵੀਂ ਦਿੱਲੀ (ਜੇਐੱਨਐੱਨ) : 19 ਸਾਲਾ ਦੀਪਕ ਨੇ ਏਸਟੋਨੀਆ ਦੀ ਰਾਜਧਾਨੀ ਤਾਲਿੱਨ ਵਿਚ ਬੁੱਧਵਾਰ ਨੂੰ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ 86 ਕਿਲੋਗ੍ਰਾਮ ਵਿਚ ਫ੍ਰੀ ਸਟਾਈਲ ਵਿਚ ਰੂਸ ਦੇ ਅਲਿਕ ਸ਼ੇਜੁਖੋਵ ਨੂੰ ਹਰਾ ਕੇ ਨਾ ਸਿਰਫ਼ ਸੋਨੇ ਦਾ ਤਮਗਾ ਜਿੱਤਿਆ ਬਲਕਿ ਇਸ ਚੈਂਪੀਅਨਸ਼ਿਪ ਵਿਚ 18 ਸਾਲ ਤੋਂ ਚੱਲਿਆ ਆ ਰਿਹਾ ਭਾਰਤ ਦੇ ਗੋਲਡ ਨਾ ਜਿੱਤ ਸਕਣ ਦਾ ਸੋਕਾ ਵੀ ਸਮਾਪਤ ਕਰ ਦਿੱਤਾ। ਦੀਪਕ ਤੋਂ ਪਹਿਲਾਂ ਰਮੇਸ਼ ਕੁਮਾਰ (69 ਕਿਲੋਗ੍ਰਾਮ) ਤੇ ਪਲਵਿੰਦਰ ਸਿੰਘ ਚੀਮਾ (130 ਕਿਲੋਗ੍ਰਾਮ) ਨੇ 2001 ਵਿਚ ਗੋਲਡ ਮੈਡਲ ਜਿੱਤਿਆ ਸੀ। ਦੀਪਕ 2016 ਕੈਡੇਟ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਗੋਲਡ ਮੈਡਲ ਜਿੱਤ ਚੁੱਕੇ ਹਨ। ਦੀਪਕ ਨੂੰ ਕੁਸ਼ਤੀ 'ਚ ਲਿਆਉਣ ਦਾ ਫ਼ੈਸਲਾ ਉਨ੍ਹਾਂ ਦੇ ਪਿਤਾ ਸੁਭਾਸ਼ ਦਾ ਸੀ ਪਰ ਇੱਥੇ ਤਕ ਪੁੱਜਣ ਵਿਚ ਉਨ੍ਹਾਂ ਦਾ ਰਾਹ ਸੌਖਾ ਨਹੀਂ ਰਿਹਾ। ਦੀਪਕ ਗਲੀ ਮੁਹੱਲਿਆਂ ਵਿਚ ਕੁਸ਼ਤੀ ਕਰਦੇ ਸਨ। ਇਕ ਦਿਨ ਉਨ੍ਹਾਂ ਦੇ ਪਿਤਾ ਸੁਭਾਸ਼ ਉਨ੍ਹਾਂ ਨੂੰ ਦਿੱਗਜ ਕੁਸ਼ਤੀ ਕੋਚ ਮਹਾਬਲੀ ਸਤਪਾਲ ਕੋਲ ਲੈ ਗਏ। ਸਤਪਾਲ ਨੇ ਦੀਪਕ ਦੇ ਕੁਝ ਦਾਅਪੇਚ ਦੇਖ ਕੇ ਹੀ ਉਨ੍ਹਾਂ ਦੇ ਅੰਦਰ ਲੁਕੀ ਯੋਗਤਾ ਨੂੰ ਪਛਾਣ ਲਿਆ ਤੇ ਉਸ ਤੋਂ ਬਾਅਦ ਦੀਪਕ 2015 ਵਿਚ ਸਤਪਾਲ ਦੇ ਛਤਰਸਾਲ ਅਖਾੜੇ ਨਾਲ ਜੁੜ ਗਏ। ਸਤਪਾਲ ਦੇ ਮਾਰਗਦਰਸ਼ਨ ਵਿਚ ਦੀਪਕ ਨੇ ਸਖ਼ਤ ਮਿਹਨਤ ਨਾਲ ਆਪਣੇ ਆਪ ਨੂੰ ਨਿਖ਼ਾਰਿਆ। ਉਨ੍ਹਾਂ ਦੀ ਇਸ ਪ੍ਰਰਾਪਤੀ 'ਤੇ ਭਾਰਤੀ ਭਲਵਾਨ ਸੁਸ਼ੀਲ ਕੁਮਾਰ ਤੇ ਵਿਨੇਸ਼ ਫੋਗਾਟ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।