ਨਵੀਂ ਦਿੱਲੀ : ਕੁਸ਼ਤੀ 'ਚ ਆਪਣਾ ਲੋਹਾ ਮਨਵਾਉਣ ਵਾਲੀ ਬਬੀਤਾ ਫੋਗਾਟ ਨੇ ਹੁਣ ਸਿਆਸਤ 'ਚ ਕਦਮ ਰੱਖ ਲਿਆ ਹੈ। ਉਹ ਸੋਮਵਾਰ ਨੂੰ ਆਪਣੇ ਪਿਤਾ ਮਹਾਵੀਰ ਫੋਗਾਟ ਸਮੇਤ ਭਾਜਪਾ 'ਚ ਸ਼ਾਮਲ ਹੋ ਗਈ। ਹਾਲ ਹੀ 'ਚ ਬਬੀਤਾ ਨੇ ਧਾਰਾ 370 ਖ਼ਤਮ ਕੀਤੇ ਜਾਣ ਦੇ ਫੈਸਲੇ ਦੇ ਸਮਰਥਨ 'ਚ ਪਾਕਿਸਤਾਨ 'ਤੇ ਤਨਜ਼ ਕੱਸਿਆ ਸੀ। ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵੱਲ਼ੋਂ ਭਾਰਤ ਨਾਲ ਵਪਾਰਕ ਰਿਸ਼ਤੇ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਬਬੀਤਾ ਫੋਗਾਟ ਨੇ ਟਵੀਟ ਕੀਤਾ ਸੀ, ਇਕ ਹੋਰ ਵੱਡੀ ਖ਼ਬਰ- ਪੰਕਚਰ ਵਾਲੇ ਨੇ MRF ਨਾਲ ਵਪਾਰਕ ਰਿਸ਼ਤੇ ਖ਼ਤਮ ਕੀਤੇ।' ਬਬੀਤਾ ਦੇ ਇਸ ਟਵੀਟ ਨੂੰ ਕਾਫ਼ੀ ਪਸੰਦ ਕੀਤਾ ਗਿਆ ਤੇ ਲੋਕਾਂ ਨੇ ਇਸ ਨੂੰ ਖ਼ੂਬ ਲਾਈਕ ਕੀਤਾ ਸੀ।

ਪਹਿਲਵਾਨ ਬਬੀਤਾ ਫੋਗਾਟ ਨੂੰ ਹਰਿਆਣਾ ਪੁਲਿਸ 'ਚ ਖੇਡ ਕੋਟੇ ਤੋਂ ਸਬ-ਇੰਸਪੈਕਟਰ ਦਾ ਅਹੁਦਾ ਮਿਲਿਆ ਹੋਇਆ ਹੈ। ਬਬੀਤਾ ਫੋਗਾਟ ਚਰਖੀ ਦਾਦਰੀ ਦੇ ਬਲਾਲੀ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ 2010 ਦੀਆਂ ਕਾਮਨਵੈਲਥ ਖੇਡਾਂ 'ਚ ਸਿਲਵਰ ਮੈਡਲ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਸਰਕਾਰ ਨੇ 2013 'ਚ ਬਬੀਤਾ ਨੂੰ ਹਰਿਆਣਾ ਪੁਲਿਸ 'ਚ ਏਐੱਸਆਈ ਬਣਾਇਆ ਸੀ। ਬਬੀਤਾ ਤੇ ਉਨ੍ਹਾਂ ਦੀ ਭੈਣ ਗੀਤਾ ਦੇ ਜੀਵਨ ਸੰਘਰਸ਼ 'ਤੇ ਦੰਗਲ ਫਿਲਮ ਵੀ ਬਣ ਚੁੱਕੀ ਹੈ।

ਸੂਤਰਾਂ ਮੁਤਾਬਿਕ, ਦਿੱਲੀ ਸਥਿਤ ਹਰਿਆਣਾ ਭਵਨ 'ਚ ਬਬੀਤਾ ਫੋਗਾਟ ਤੇ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਦੁਪਹਿਰ ਕਰੀਬ 12 ਵਜੇ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਮਹਾਵੀਰ ਫੋਗਾਟ ਦਾਦਰੀ ਦੇ ਪਿੰਡ ਬਲਾਲੀ ਦੇ ਰਹਿਣ ਵਾਲੇ ਹਨ।

Posted By: Amita Verma