ਸਟਾਰ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ 11 ਜਨਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ। ਬਬੀਤਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਵਿਚ ਲਿਖਿਆ, ‘‘ਸਾਡੇ ਸਨਸ਼ਾਈਨ ਨੂੰ ਮਿਲੋ, ਸੁਫਨਿਆਂ ਵਿਚ ਭਰੋਸਾ ਰੱਖੋ, ਉਹ ਸੱਚ ਹੁੰਦੇ ਹਨ। ਸਾਡਾ ਸੁਫਨਾ ਨੀਲੇ ਕੱਪੜਿਆਂ ਵਿਚ ਪੂਰਾ ਹੋਇਆ ਹੈ।’’ ਬਬੀਤਾ ਨੇ ਪਤੀ ਵਿਵੇਕ ਤੇ ਬੱਚੇ ਨਾਲ ਹਸਪਤਾਲ ਤੋਂ ਫੋਟੋ ਵੀ ਫੇਅਰ ਕੀਤੀ ਹੈ। ਬਬੀਤਾ ਫੋਗਾਟ ਤੇ ਵਿਵੇਕ ਸੁਹਾਗ ਦੋਵੇਂ ਪਹਿਲਵਾਨ ਹਨ। ਦੋਵੇਂ ਰਿਐਲਿਟੀ ਡਾਂਸ ਸ਼ੋਅ ‘ਨੱਚ ਬੱਲੀਏ’ ਵਿਚ ਵੀ ਨਜ਼ਰ ਆਏ ਸਨ। ਬਬੀਤਾ ਫੋਗਾਟ ਨੇ ਸਾਲ 2019 ਵਿਚ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਕੀਤਾ ਸੀ। ਇਹ ਵਿਆਹ ਬਬੀਤਾ ਦੇ ਜੱਦੀ ਪਿੰਡ ਬਲਾਲੀ ਵਿਚ ਸਾਦੇ ਢੰਗ ਨਾਲ ਹੋਇਆ ਸੀ।

ਬਬੀਤਾ ਦੇਸ਼ ਲਈ ਕਾਮਨਵੈਲਥ ਗੇਮਜ਼ ਵਿਚ ਇਕ ਗੋਲਡ ਤੇ ਇਕ ਸਿਲਵਰ, ਵਰਲਡ ਚੈਂਪੀਅਨਸ਼ਿਪ ਵਿਚ ਚਾਂਦੀ ਦੇ ਤਮਗੇ ਸਮੇਤ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਚੁੱਕੀ ਹੈ। ਇਨ੍ਹਾਂ ਉਪਲਬੱਧੀਆਂ ਦੇ ਚਲਦਿਆਂ ਉਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਸਬ ਇੰਸਪੈਕਟਰ ਦਾ ਅਹੁਦਾ ਦਿੱਤਾ ਸੀ, ਪਰ ਬਾਅਦ ਵਿਚ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ ਸੀ। ਬਬੀਤਾ ਹੁਣ ਰਾਜਨੀਤੀ ਵਿਚ ਵੀ ਸਰਗਰਮ ਹੈ। ਹਰਿਆਣਾ ਵਿਚ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਦਾਦਰੀ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਈ ਸੀ। ਹੁਣ ਉਹ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਹੈ।

Posted By: Susheel Khanna