ਨੂਰ-ਸੁਲਤਾਨ (ਪੀਟੀਆਈ) : ਭਾਰਤ ਦੇ ਗ੍ਰੀਕੋ ਰੋਮਨ ਦੇ ਭਲਵਾਨ ਗੁਰਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਤੀਜੇ ਦਿਨ ਇਕ ਫ਼ਸਵੇਂ ਮੁਕਾਬਲੇ ਵਿਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਵਿਕਟਰ ਨੇਮੇਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਗੁਰਪ੍ਰੀਤ ਨੇ 77 ਕਿਲੋਗ੍ਰਾਮ ਦੇ ਮੁਕਾਬਲੇ ਵਿਚ 2017 ਦੇ ਵਿਸ਼ਵ ਚੈਂਪੀਅਨ ਖ਼ਿਲਾਫ਼ 1-0 ਨਾਲ ਬੜ੍ਹਤ ਬਣਾਈ ਜਦ ਸਰਬੀਆਈ ਭਲਵਾਨ ਨੂੰ ਜ਼ਿਆਦਾ ਰੱਖਿਆਤਮਕ ਵਤੀਰਾ ਅਪਨਾਉਣ ਲਈ ਇਕ ਅੰਕ ਦੀ ਪੈਨਲਟੀ ਦਿੱਤੀ ਗਈ। ਪਹਿਲੇ ਗੇੜ ਤੋਂ ਬਾਅਦ ਗੁਰਪ੍ਰੀਤ 1-0 ਨਾਲ ਅੱਗੇ ਸਨ। ਦੂਜੇ ਗੇੜ ਵਿਚ ਗੁਰਪ੍ਰੀਤ ਨੇ ਜ਼ਿਆਦਾ ਰੱਖਿਆਤਮਕ ਵਤੀਰਾ ਅਪਣਾਇਆ ਤੇ ਇਸ ਕਾਰਨ ਉਨ੍ਹਾਂ ਨੂੰ ਅੰਕ ਗੁਆਉਣਾ ਪਿਆ। ਵਿਕਟਰ ਨੇ ਇਸ ਵਿਚਾਲੇ ਗੁਰਪ੍ਰਰੀਤ ਨੂੰ ਮੈਟ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਲ ਦੇ ਕਿਨਾਰੇ 'ਤੇ ਸੰਤੁਲਨ ਗੁਆ ਬੈਠੇ ਤੇ ਭਾਰਤੀ ਭਲਵਾਨ ਨਾਲ ਡਿੱਗ ਗਏ ਪਰ ਇਸ ਦੇ ਬਾਵਜੂਦ ਰੈਫਰੀ ਨੇ ਸਰਬੀਆ ਦੇ ਭਲਵਾਨ ਨੂੰ ਦੋ ਅੰਕ ਦਿੱਤੇ। ਭਾਰਤੀ ਕੋਚ ਹਰਗੋਵਿੰਦ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਪਰ ਫ਼ੈਸਲਾ ਉਨ੍ਹਾਂ ਖ਼ਿਲਾਫ਼ ਗਿਆ ਜਿਸ ਨਾਲ ਗੁਰਪ੍ਰੀਤ ਨੇ ਇਕ ਹੋਰ ਗੁਆ ਦਿੱਤਾ। ਸਰਬੀਆਈ ਭਲਵਾਨ ਨੇ ਇਸ ਤੋਂ ਬਾਅਦ ਆਪਣੀ ਬੜ੍ਹਤ ਕਾਇਮ ਰੱਖਦੇ ਹੋਏ ਅਗਲੇ ਗੇੜ ਵਿਚ ਥਾਂ ਬਣਾਈ। ਵਿਕਟਰ ਨੂੰ ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਦੇ ਅਸ਼ਖਤ ਦਿਲਮੁਖਾਮੇਦੋਵ ਖ਼ਿਲਾਫ਼ ਹਾਰ ਸਹਿਣੀ ਪਈ ਜਿਸ ਨਾਲ ਗੁਰਪ੍ਰੀਤ ਦੀ ਰੇਪਚੇਜ ਰਾਹੀਂ ਮੈਡਲ ਲਈ ਚੁਣੌਤੀ ਪੇਸ਼ ਕਰਨ ਦੀ ਉਮੀਦ ਵੀ ਟੁੱਟ ਗਈ। ਵਿਕਟਰ ਖ਼ਿਲਾਫ਼ ਮਾਤ ਖਾਣ ਤੋਂ ਪਹਿਲਾਂ ਗੁਰਪ੍ਰੀਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਆਸਟ੍ਰੇਲੀਆ ਦੇ ਮਾਇਕਲ ਵੇਗਨਰ ਨੂੰ ਮਾਤ ਦਿੱਤੀ ਸੀ।

ਲਾਰੀ ਨੇ ਭਾਰਤ ਦੇ ਮਨੀਸ਼ ਨੂੰ ਦਿੱਤੀ ਮਾਤ :

ਭਾਰਤੀ ਭਲਵਾਨ ਮਨੀਸ਼ ਨੇ ਵੀ 60 ਕਿਲੋਗ੍ਰਾਮ ਦੇ ਸ਼ੁਰੂਆਤੀ ਮੁਕਾਬਲੇ ਵਿਚ ਫਿਨਲੈਂਡ ਦੇ ਲਾਰੀ ਯੋਹਾਨੇਸ ਮੇਖੋਨੇਨ ਨੂੰ ਹਰਾਇਆ। ਹਾਲਾਂਕਿ ਅਗਲੇ ਗੇੜ ਵਿਚ ਉਨ੍ਹਾਂ ਨੂੰ ਮਾਲਦੋਵਾ ਦੇ ਦੁਨੀਆ ਦੇ ਤੀਜੇ ਨੰਬਰ ਦੇ ਭਲਵਾਨ ਵਿਕਟਰ ਸਿਓਬਾਨੂ ਖ਼ਿਲਾਫ਼ ਤਕਨੀਕੀ ਯੋਗਤਾ ਦੇ ਆਧਾਰ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਵੀਰੇ ਨਵੀਨ ਨੂੰ 130 ਕਿਲੋਗ੍ਰਾਮ ਦੇ ਕੁਆਲੀਫਿਕੇਸ਼ਨ ਗੇੜ ਵਿਚ 2018 ਪੈਨ ਅਮਰੀਕੀ ਚੈਂਪੀਅਨ ਕਿਊਬਾ ਦੇ ਆਸਕਰ ਪਿਨੋ ਹਿੰਡਾ ਖ਼ਿਲਾਫ਼ ਹਾਰ ਸਹਿਣੀ ਪਈ।

ਵਿਨੇਸ਼ ਫੋਗਾਟ ਨੂੰ ਮਿਲਿਆ ਮੁਸ਼ਕਲ ਡਰਾਅ

ਨੂਰ ਸੁਲਤਾਨ : ਭਾਰਤ ਦੀ ਮੈਡਲ ਦੀ ਮੁੱਖ ਦਾਅਵੇਦਾਰ ਮਹਿਲਾ ਫ੍ਰੀਸਟਾਈਲ ਭਲਵਾਨ ਵਿਨੇਸ਼ ਫੋਗਾਟ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸਖ਼ਤ ਡਰਾਅ ਮਿਲਿਆ ਹੈ। ਉਨ੍ਹਾਂ ਨੂੰ ਪਹਿਲੇ ਗੇੜ ਵਿਚ ਹੀ ਓਲੰਪਿਕ ਕਾਂਸੇ ਦਾ ਮੈਡਲ ਜੇਤੂ ਸੋਫੀਆ ਮੈਟਸਨ ਨਾਲ ਭਿੜਨਾ ਪਵੇਗਾ। ਵਿਨੇਸ਼ ਇਸ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਤੋਂ ਕਰੇਗੀ। ਵਿਨੇਸ਼ (53 ਕਿਲੋਗ੍ਰਾਮ) ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਛੇ ਵਾਰ ਦੀ ਮੈਡਲ ਜੇਤੂ ਸੋਫੀਆ ਨੂੰ ਪਿਛਲੇ ਮਹੀਨੇ ਪੋਲੈਂਡ ਓਪਨ ਵਿਚ ਹਰਾਇਆ ਸੀ ਪਰ ਇੱਥੇ ਪਹਿਲੇ ਗੇੜ ਵਿਚ ਸਵੀਡਨ ਦੀ ਇਸ ਦਮਦਾਰ ਵਿਰੋਧੀ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ।