ਮੈਲਬੌਰਨ (ਏਪੀ) : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਗਰੈਂਡ ਸਲੈਮ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਨੌਂਵੀਂ ਵਾਰ ਮਰਦ ਸਿੰਗਲਜ਼ ਫਾਈਨਲਜ਼ ਵਿਚ ਹਿੱਸਾ ਲੈਂਦੇ ਹੋਏ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਜਿੱਤਿਆ। ਜੋਕੋਵਿਕ ਨੇ ਇਸ ਨਾਲ ਹੀ 18ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤ ਕੇ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਮਰਦ ਸਿੰਗਲਜ਼ ਵਿਚ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਏ। ਜੋਕੋਵਿਕ ਨੇ ਦਮਦਾਰ ਸਰਵਿਸ ਤੇ ਰਿਟਰਨ ਤੋਂ ਇਲਾਵਾ ਬੇਸਲਾਈਨ 'ਤੇ ਦਬਦਬਾ ਬਣਾਉਂਦੇ ਹੋਏ ਮੇਦਵੇਦੇਵ ਨੂੰ 7-5, 6-2, 6-2 ਨਾਲ ਸਿੱਧੇ ਸੈੱਟਾਂ ਵਿਚ ਮਾਤ ਦੇ ਕੇ ਮੈਲਬੌਰਨ ਪਾਰਕ ਵਿਚ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ। ਜੋਕੋਵਿਕ ਨੇ ਇਹ ਮੈਚ ਇਕ ਘੰਟੇ 53 ਮਿੰਟ ਵਿਚ ਹੀ ਜਿੱਤ ਲਿਆ।

ਨਿਰਾਸ਼ ਮੇਦਵੇਦੇਵ

ਸਰਬਿਆਈ ਖਿਡਾਰੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਇਕ ਸਮੇਂ ਉਨ੍ਹਾਂ ਨੇ 13 ਵਿਚੋਂ 11 ਗੇਮਾਂ ਜਿੱਤ ਕੇ ਮੈਚ ਵਿਚ ਆਪਣੀ ਪਕੜ ਮਜ਼ਬੂਤ ਕੀਤੀ। ਦੂਜੇ ਸੈੱਟ ਤਕ ਹੀ ਜੋਕੋਵਿਕ ਦੇ ਦਬਦਬੇ ਨੇ ਮੇਦਵੇਦੇਵ ਨੂੰ ਨਿਰਾਸ਼ ਕਰ ਦਿੱਤਾ ਤੇ ਉਹ ਵਾਰ-ਵਾਰ ਹੱਥ ਚੁੱਕ ਕੇ ਆਪਣੇ ਕੋਚ ਵੱਲ ਦੇਖ ਰਹੇ ਸਨ, ਮੰਨੋ ਪੁੱਛ ਰਹੇ ਹੋਣ, ਹੁਣ ਮੈਂ ਇੱਥੇ ਕੀ ਕਰ ਸਕਦਾ ਹਾਂ? ਪਹਿਲੇ ਸੈੱਟ ਵਿਚ ਮੇਦਵੇਦੇਵ ਥੋੜ੍ਹਾ ਬਹੁਤ ਸੰਘਰਸ਼ ਕਰ ਸਕੇ ਤੇ ਸੈੱਟ ਨੂੰ ਟਾਈ ਬ੍ਰੇਕਰ ਵਿਚ ਲੈ ਗਏ ਇੱਥੇ ਜੋਕੋਵਿਕ ਨੇ ਤੀਜੇ ਸੈੱਟ ਪੁਆਇੰਟ 'ਤੇ ਪਹਿਲਾ ਸੈੱਟ ਜਿੱਤਿਆ। ਇਸ ਤੋਂ ਬਾਅਦ ਜੋਕੋਵਿਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦੂਜਾ ਤੇ ਤੀਜਾ ਸੈੱਟ ਜਿੱਤ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ। ਤੀਜੇ ਸੈੱਟ ਵਿਚ ਉਨ੍ਹਾਂ ਨੇ ਪਹਿਲੇ ਮੈਚ ਪੁਆਇੰਟ 'ਤੇ ਜਿੱਤ ਦਰਜ ਕੀਤੀ ਜਦਕਿ ਮੇਦਵੇਦੇਵ ਉਸ ਮੈਚ ਪੁਆਇੰਟ ਨੂੰ ਬਚਾ ਵੀ ਨਹੀਂ ਸਕੇ।

ਨੋਵਾਕ ਦਾ ਦਬਦਬਾ

33 ਸਾਲ ਦੇ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਤੇ ਫਾਈਨਲ ਵਿਚ ਆਪਣੇ ਸਾਰੇ 18 ਮੁਕਾਬਲੇ ਜਿੱਤੇ ਹਨ। ਜੋਕੋਵਿਕ ਨੇ ਪਿਛਲੇ 10 ਵਿਚੋਂ ਛੇ ਮੇਜਰ ਟੂਰਨਾਮੈਂਟ ਜਿੱਤੇ ਹਨ ਜਿਸ ਨਾਲ ਘੱਟੋ ਘੱਟ ਅੱਠ ਮਾਰਚ ਤਕ ਉਨ੍ਹਾਂ ਦਾ ਦੁਨੀਆ ਦਾ ਨੰਬਰ ਇਕ ਖਿਡਾਰੀ ਬਣੇ ਰਹਿਣਾ ਤੈਅ ਹੈ। ਇਸ ਨਾਲ ਉਹ 311 ਹਫਤਿਆਂ ਤਕ ਚੋਟੀ ਦੇ ਰਹਿਣਗੇ ਤੇ ਫੈਡਰਰ ਦਾ ਰਿਕਾਰਡ ਤੋੜ ਦੇਣਗੇ। ਇਸ ਸਟੇਡੀਅਮ ਵਿਚ ਇਸ ਟੂਰਨਾਮੈਂਟ ਦੌਰਾਨ ਗਰੈਂਡ ਸਲੈਮ ਚੈਂਪੀਅਨ ਫੈਡਰਰ, ਨਡਾਲ, ਐਂਡੀ ਮਰੇ, ਸਟੇਨ ਵਾਵਰਿੰਕਾ, ਡੋਮੀਨਿੰਕ ਥਿਏਮ ਨੂੰ ਵੀ ਇਸ ਤਰ੍ਹਾਂ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਨੂੰ ਜੋਕੋਵਿਕ ਨੇ ਮੈਲਬੌਰਨ ਵਿਚ ਸੈਮੀਫਾਈਨਲ ਜਾਂ ਫਾਈਨਲ ਵਿਚ ਹਰਾਇਆ।

ਸਰਬਿਆਈ ਖਿਡਾਰੀ ਕੋਲ ਮੌਕਾਜੋਕੋਵਿਕ ਕੋਲ ਨਡਾਲ ਤੇ ਫੈਡਰਰ ਨੂੰ ਪਛਾੜਣ ਦਾ ਚੰਗਾ ਮੌਕਾ ਹੈ। ਉਹ ਨਡਾਲ ਤੋਂ ਇਕ ਸਾਲ ਜਦਕਿ ਫੈਡਰਰ ਤੋਂ ਸਾਢੇ ਛੇ ਸਾਲ ਛੋਟੇ ਹਨ। ਫੈਡਰਰ ਇਸ ਸਾਲ ਅਗਸਤ ਵਿਚ 40 ਸਾਲ ਦੇ ਹੋ ਜਾਣਗੇ। ਗੋਡੇ ਦੇ ਦੋ ਆਪ੍ਰਰੇਸ਼ਨਾਂ ਕਾਰਨ ਫੈਡਰਰ ਨੇ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ ਪਰ ਉਨ੍ਹਾਂ ਦੇ ਅਗਲੇ ਮਹੀਨੇ ਟੂਰ 'ਤੇ ਵਾਪਸੀ ਕਰਨ ਦੀ ਉਮੀਦ ਹੈ।

ਫੈਡਰਰ - ਨਡਾਲ ਤੇ ਜੋਕੋਵਿਕ ਦੇ ਖ਼ਿਤਾਬ

ਖਿਡਾਰੀ, ਦੇਸ਼, ਖ਼ਿਤਾਬ

ਰੋਜਰ ਫੈਡਰਰ, ਸਵਿਟਜ਼ਰਲੈਂਡ, 20

ਰਾਫੇਲ ਨਡਾਲ, ਸਪੇਨ, 20

ਨੋਵਾਕ ਜੋਕੋਵਿਕ, ਸਰਬੀਆ, 18

ਸਭ ਤੋਂ ਵੱਧ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਮਰਦ ਖਿਡਾਰੀ

ਖਿਡਾਰੀ, ਦੇਸ਼, ਗਿਣਤੀ

ਨੋਵਾਕ ਜੋਕੋਵਿਕ, ਸਰਬੀਆ, 09

ਰਾਏ ਇਮਰਸਨ, ਆਸਟ੍ਰੇਲੀਆ, 06

ਰੋਜਰ ਫੈਡਰਰ, ਸਵਿਟਜ਼ਰਲੈਂਡ, 06

ਆਂਦਰੇ ਅਗਾਸੀ, ਅਮਰੀਕਾ, 04

ਜੈਕ ਕ੍ਰਾਫੋਰਡ, ਆਸਟ੍ਰੇਲੀਆ, 04

ਕੇਨ ਰੋਸੇਵਾਲ, ਆਸਟ੍ਰੇਲੀਆ, 04

ਜੋਕੋਵਿਕ ਦੇ ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ

ਆਸਟ੍ਰੇਲੀਅਨ ਓਪਨ : 2008, 2011, 2012, 2013, 2015, 2016, 2019, 2020, 2021

ਫਰੈਂਚ ਓਪਨ, 2016

ਵਿੰਬਲਡਨ : 2011, 2014, 2015, 2018, 2019

ਯੂਐੱਸ ਓਪਨ, 2011, 2015, 2018