ਰੌਸ਼ਨ ਖੈੜਾ, ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਕੌਮਾਂਤਰੀ ਕਬੱਡੀ ਕੱਪ ਦਾ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ 'ਚ ਆਗ਼ਾਜ਼ ਹੋ ਗਿਆ। ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਅੱਜ ਸੁਲਤਾਨਪੁਰ ਲੋਧੀ ਵਿਖੇ ਟੂਰਨਾਮੈਂਟ ਦੇ ਤਿੰਨ ਲੀਗ ਮੈਚ ਖੇਡੇ ਗਏ। ਪਹਿਲਾ ਮੈਚ ਇੰਗਲੈਂਡ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿਚ ਇੰਗਲੈਂਡ ਨੇ ਇਕਪਾਸੜ ਮੁਕਾਬਲੇ ਵਿਚ ਸ੍ਰੀਲੰਕਾ ਨੂੰ 66-21 ਨਾਲ ਮਾਤ ਦਿੱਤੀ। ਪਹਿਲੇ ਅੱਧ ਤਕ ਇੰਗਲੈਂਡ ਦੀ ਟੀਮ 29-13 ਅੰਕਾਂ ਨਾਲ ਅੱਗੇ ਚੱਲ ਰਹੀ ਸੀ ਤੇ ਦੂਜੇ ਅੱਧ ਵਿਚ ਇੰਗਲੈਂਡ ਨੇ ਮੁਕਾਬਲਾ ਇਕਤਰਫ਼ਾ ਬਣਾ ਦਿੱਤਾ।

ਦੂਜਾ ਮੈਚ ਕੈਨੇਡਾ ਅਤੇ ਕੀਨੀਆ ਦਰਮਿਆਨ ਹੋਇਆ ਜਿਸ ਵਿਚ ਕੈਨੇਡਾ ਨੇ ਕੀਨੀਆ ਨੂੰ 57-30 ਅੰਕਾਂ ਦੇ ਫ਼ਰਕ ਨਾਲ ਹਰਾਇਆ। ਇਸ ਮੈਚ ਵਿਚ ਪਹਿਲੇ ਅੱਧ ਤਕ ਕੈਨੇਡਾ ਦੀ ਟੀਮ 36-20 ਅੰਕਾਂ ਨਾਲ ਅੱਗੇ ਸੀ। ਇਸੇ ਤਰ੍ਹਾਂ ਅਮਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ 48-42 ਅੰਕਾਂ ਦੇ ਫ਼ਰਕ ਨਾਲ ਮਾਤ ਦਿੱਤੀ। ਇਸ ਫ਼ਸਵੇਂ ਮੁਕਾਬਲੇ ਦੇ ਪਹਿਲੇ ਅੱਧ ਤਕ ਸਕੋਰ 28-18 ਸੀ। ਇਸ ਮੁਕਾਬਲੇ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।

ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ 'ਚ ਵੱਖ-ਵੱਖ ਮੁਲਕਾਂ ਦੀਆਂ ਅੱਠ ਟੀਮਾਂ ਸ਼ਿਰਕਤ ਕਰ ਰਹੀਆਂ ਹਨ ਜ਼ਿਨ੍ਹਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ 'ਚ ਵੰਡਿਆ ਗਿਆ ਹੈ, ਪੂਲ 'ਏ' ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀਲੰਕਾ ਹਨ ਜਦਕਿ ਪੂਲ 'ਬੀ' ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।