ਨਵੀਂ ਦਿੱਲੀ (ਪੀਟੀਆਈ) : ਰਾਜਧਾਨੀ ਦੇ ਵਿਸ਼ਵ ਪੱਧਰੀ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 15 ਤੋਂ 26 ਮਾਰਚ ਤਕ ਹੋਣ ਵਾਲੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ (ਰਾਈਫਲ/ਪਿਸਟਲ/ਸ਼ਾਟਗਨ) 'ਚੋਂ ਛੇ ਦੇਸ਼ ਹਟ ਗਏ ਹਨ। ਇਨ੍ਹਾਂ ਦੇ ਹਟਣ ਦਾ ਕਾਰਨ ਚੀਨ ਵਿਚ ਫੈਲਿਆ ਕੋਰੋਨਾ ਵਾਇਰਸ ਹੈ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਦੇ ਪ੍ਰਧਾਨ ਰਣਇੰਦਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਕਰਣੀ ਸਿੰਘ ਸ਼ੂੂਟਿੰਗ ਰੇਂਜ ਵਿਚ ਹੋਣ ਵਾਲੇ ਵਿਸ਼ਵ ਕੱਪ 'ਚੋਂ ਛੇ ਦੇਸ਼ ਕੋਰੋਨਾ ਵਾਇਰਸ ਕਾਰਨ ਹਟ ਗਏ ਹਨ ਜਦਕਿ ਪਾਕਿਸਤਾਨ ਦੇ ਨਿਸ਼ਾਨੇਬਾਜ਼ਾਂ ਨੇ ਖ਼ੁਦ ਹੀ ਇਸ ਵਿਸ਼ਵ ਕੱਪ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਚੈਂਪੀਅਨਸ਼ਿਪ ਵਿਚ ਕੁੱਲ 80 ਦੇਸ਼ਾਂ ਨੇ ਹਿੱਸਾ ਲੈਣਾ ਸੀ ਪਰ ਚੀਨ, ਤਾਈਵਾਨ, ਮਕਾਊ, ਉੱਤਰ ਕੋਰੀਆ ਤੇ ਤੁਰਕਮੇਨਿਸਤਾਨ ਕੋਰੋਨਾ ਵਾਇਰਸ ਕਾਰਨ ਇਸ ਚੈਂਪੀਅਨਸ਼ਿਪ ਲਈ ਨਹੀਂ ਆਉਣਗੇ ਜਦਕਿ ਪਾਕਿਸਤਾਨ ਦੇ ਖਿਡਾਰੀ ਇਸ ਦੌਰਾਨ ਆਪਣੇ ਕੋਚ ਨਾਲ ਆਪਣੀਆਂ ਓਲੰਪਿਕ ਤਿਆਰੀਆਂ ਨੂੰ ਮਜ਼ਬੂਤੀ ਦੇਣਗੇ। ਰਣਇੰਦਰ ਨੇ ਦੱਸਿਆ ਕਿ ਐੱਨਆਰਏਆਈ ਨੇ ਜਾਪਾਨ ਵਿਚ ਹੋਣ ਵਾਲੇ ਟੈਸਟ ਇਵੈਂਟ ਲਈ ਭਾਰਤੀ ਟੀਮ ਚੁਣੀ ਹੈ ਪਰ ਹਾਲਾਤ ਦਾ ਅੰਦਾਜ਼ਾਂ ਲਾਉਣ ਤੋਂ ਬਾਅਦ ਹੀ ਟੀਮ ਨੂੰ ਜਾਪਾਨ ਭੇਜਿਆ ਜਾਵੇਗਾ। ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਭਾਰਤੀ ਨਿਸ਼ਾਨੇਬਾਜ਼ੀ ਟੀਮਾਂ ਨੂੰ ਇਸ ਵਾਰ ਵਿਦੇਸ਼ਾਂ ਵਿਚ ਟ੍ਰੇਨਿੰਗ ਲਈ ਨਹੀਂ ਭੇਜਿਆ ਜਾਵੇਗਾ।

ਮੈਂ ਤਕਨੀਕ 'ਤੇ ਕਰ ਰਹੀ ਹਾਂ ਕੰਮ : ਭਾਕਰ

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਮਨੂ ਭਾਕਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਧਿਆਨ ਆਪਣੀ ਤਕਨੀਕ ਤੇ ਮਾਨਿਸਕ ਮਜ਼ਬੂਤੀ ਵਿਚ ਸੁਧਾਰ ਕਰਨ 'ਤੇ ਹੈ ਜਿਸ ਨਾਲ ਕਿ ਅਗਲੇ ਵਿਸ਼ਵ ਕੱਪ ਤੇ ਟੋਕੀਓ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ।