ਜਾਗਰਣ ਸੰਵਾਦਦਾਤਾ, ਭੁਬਨੇਸ਼ਵਰ : ਵਿਸ਼ਵ ਕੱਪ ਹਾਕੀ ’ਚ ਹਾਲੇ ਤਕ ਅਜੇਤੂ ਰਹੇ ਭਾਰਤ ਨੂੰ ਵੀਰਵਾਰ ਨੂੰ ਵੇਲਸ ਖ਼ਿਲਾਫ਼ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਸ ਨੂੰ ਨਾ ਸਿਰਫ਼ ਕਮਜ਼ੋਰ ਸਮਝੀ ਜਾਣ ਵਾਲੀ ਵੇਲਸ ਖ਼ਿਲਾਫ਼ ਜਿੱਤ ਹਾਸਲ ਕਰਨੀ ਹੋਵੇਗੀ, ਬਲਕਿ ਵੱਧ ਤੋਂ ਵੱਧ ਗੋਲ ਦਾਗਣੇ ਪੈਣਗੇ। ਤਦ ਹੀ ਉਹ ਗਰੁੱਪ ਡੀ ’ਚ ਚੋਟੀ ’ਤੇ ਰਹੇਗਾ ਅਤੇ ਕੁਆਰਟਰ ਫਾਈਨਲ ਦੀ ਸਿੱਧੀ ਟਿਕਟ ਹਾਸਲ ਕਰ ਸਕੇਗਾ। ਪੂਲ ਡੀ ਵਿਚ ਭਾਰਤ ਤੇ ਇੰਗਲੈਂਡ ਦੇ ਚਾਰ-ਚਾਰ ਅੰਕ ਹਨ, ਪਰ ਗੋਲ ਫ਼ਰਕ ਦੇ ਆਧਾਰ ’ਤੇ ਇੰਗਲੈਂਡ ਅੰਕ ਤਾਲਿਕਾ ’ਚ ਚੋਟੀ ’ਤੇ ਬਣਿਆ ਹੋਇਆ ਹੈ। ਭਾਰਤ ਦੇ ਦੋ ਦੇ ਮੁਕਾਬਲੇ ਇੰਗਲੈਂਡ ਦੇ ਪੰਜ ਗੋਲ ਹਨ। ਟੀਚੇ ਤਕ ਪੁੱਜਣ ਲਈ ਮੇਜ਼ਬਾਨ ਟੀਮ ਨੂੰ ਪੈਨਲਟੀ ਕਾਰਨਰ ਦੀ ਸਮੱਸਿਆ ਨੂੰ ਦੂਰ ਕਰਨਾ ਹੋਵੇਗਾ। ਮੇਜ਼ਬਾਨ ਟੀਮ ਨੂੰ 9 ਪੈਨਲਟੀ ਕਾਰਨਰ ਮਿਲੇ ਹਨ, ਪਰ ਸਿੱਧਾ ਇਕ ਵਾਰ ਵੀ ਗੋਲ ਨਹੀਂ ਕੀਤਾ।

ਦੂਜੇ ਪਾਸੇ ਵੇਲਸ ’ਤੇ ਮੈਚ ਜਿੱਤਣ ਨੂੰ ਲੈ ਕੇ ਕੋਈ ਦਬਾਅ ਨਹੀਂ ਹੋਵੇਗਾ ਕਿਉਂਕਿ ਉਹ ਇੰਗਲੈਂਡ ਤੇ ਸਪੇਨ ਤੋਂ ਪਹਿਲਾਂ ਹੀ ਹਾਰ ਚੁੱਕਾ ਹੈ। ਜੇ ਉਹ ਭਾਰਤ ਨੂੰ ਹਰਾ ਵੀ ਦਿੰਦਾ ਹੈ, ਜਿਸ ਦੀ ਸੰਭਾਵਨਾ ਘੱਟ ਹੈ ਅਤੇ ਸਪੇਨ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਵੇਲਸ ਕ੍ਰਾਸ ਓਵਰ ’ਚ ਜਗ੍ਹਾ ਨਹੀਂ ਬਣਾ ਸਕੇਗਾ ਕਿਉਂਕਿ ਗੋਲ ਔਸਤ ਵਿਚ ਉਹ 9 ਗੋਲ ਪਿੱਛੇ ਹੈ।

ਭਾਰਤ ਨੂੰ ਇਹ ਦੁਆ ਕਰਨੀ ਹੋਵੇਗੀ ਕਿ ਇੰਗਲੈਂਡ ਸਪੇਨ ਖ਼ਿਲਾਫ਼ ਹਾਰ ਜਾਂ ਡਰਾਅ ਖੇਡ ਲਵੇ। ਤਦ ਭਾਰਤ ਨੂੰ ਪੂਲ ਡੀ ਵਿਚ ਚੋਟੀ ’ਤੇ ਪਹੁੰਚਣ ਲਈ ਬਸ ਵੇਲਸ ਨੂੰ ਕਿਸੇ ਵੀ ਫ਼ਰਕ ਨਾਲ ਹਰਾਉਣਾ ਹੋਵੇਗਾ। ਜੇ ਇੰਗਲੈਂਡ ਨੇ ਸਪੇਨ ਨੂੰ ਹਰਾ ਦਿੱਤਾ ਤਾਂ ਭਾਰਤ ਨੂੰ ਵੇਲਸ ਨੂੰ ਘੱਟ ਤੋਂ ਘੱਟ ਪੰਜ ਗੋਲਾਂ ਨਾਲ ਹਰਾਉਣਾ ਹੋਵੇਗਾ। ਭਾਰਤ ਨੂੰ ਜਿੰਨੇ ਗੋਲ ਕਰਨੇ ਹਨ, ਉਹ ਇੰਗਲੈਂਡ ਦੀ ਜਿੱਤ ਦੇ ਫਰਕ ਦੇ ਆਧਾਰ ’ਤੇ ਵਧਦੇ ਰਹਿਣਗੇ।

ਦੂਸਰੇ ਸਥਾਨ ’ਤੇ ਰਹਿਣ ’ਤੇ ਭਾਰਤ ਨੂੰ ਕਰਾਸ ਓਵਰ ’ਚ ਨਿਊਜ਼ੀਲੈਂਡ ਤੇ ਮਲੇਸ਼ੀਆ ’ਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨਾ ਹੋਵੇਗਾ। ਵੀਰਵਾਰ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਕਿਹਾ, ‘ਜੇ ਅਸੀਂ ਆਪਣੇ ਪੂਲ ਵਿਚ ਚੋਟੀ ’ਤੇ ਰਹਿੰਦੇ ਹਾਂ ਤਾਂ ਸਾਨੂੰ ਇਕ ਮੈਚ ਘੱਟ ਖੇਡਣਾ ਹੋਵੇਗਾ ਜੋ ਸਾਡੇ ਲਈ ਚੰਗਾ ਹੋਵੇਗਾ।’

ਹਾਲ ਹੀ ਦੇ ਦਿਨਾਂ ਵਿਚ ਕਪਤਾਨ ਹਰਮਨਪ੍ਰੀਤ ਸਾਰੇ ਟੂਰਨਾਮੈਂਟਾਂ ਵਿਚ ਗੋਲ ਕਰਨ ਵਿਚ ਮੋਹਰੀ ਰਹੇ ਹਨ। ਉਨ੍ਹਾਂ ਟੋਕੀਓ ਓਲੰਪਿਕ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਵਿਸ਼ਵ ਕੱਪ ਹਾਕੀ ਵਿਚ ਉਹ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ ਸੀ, ‘ਮੈਨੂੰ ਉਮੀਦ ਹੈ ਕਿ ਅਗਲੇ ਮੈਚ ਤੋਂ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣਾ ਸ਼ੁਰੂ ਕਰ ਦਿਆਂਗਾ।’

ਕੋਚ ਗ੍ਰਾਹਮ ਰੀਡ ਨੇ ਕਿਹਾ, ‘ਇੰਗਲੈਂਡ ਖ਼ਿਲਾਫ਼ ਅਸੀਂ ਮੌਕੇ ਗੁਆਏ ਪਰ ਵੇਲਸ ਖ਼ਿਲਾਫ਼ ਸਾਨੂੰ ਸਰਕਲ ਦੇ ਅੰਦਰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।’ ਮਿਡਫੀਲਡ ਹਾਰਦਿਕ ਸਿੰਘ ਦੇ ਪਹਿਲਾਂ ਹੀ ਸੱਟ ਲੱਗ ਚੁੱਕੀ ਹੈ। ਜ਼ਾਹਰ ਹੈ, ਟੀਮ ਨੂੰ ਹਾਰਦਿਕ ਦੀ ਕਮੀ ਖੜਕੇਗੀ। ਅਜਿਹੇ ’ਚ ਵਿਵੇਕ ਸਾਗਰ ਪ੍ਰਸਾਦ ਹਾਰਦਿਕ ਦੀ ਜਗ੍ਹਾ ਲੈ ਸਕਦੇ ਹਨ।

Posted By: Shubham Kumar