ਨੂਰ ਸੁਲਤਾਨ (ਪੀਟੀਆਈ) : ਭਾਰਤ ਦੀ ਚੋਟੀ ਦੀ ਭਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਇੱਥੇ ਜਾਪਾਨ ਦੀ ਮੌਜੂਦਾ ਚੈਂਪੀਅਨ ਮਾਯੂ ਮੁਕੈਦਾ ਹੱਥੋਂ ਹਾਰ ਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਖ਼ਿਤਾਬ ਦੀ ਦੌੜ 'ਚੋਂ ਬਾਹਰ ਹੋ ਗਈ। ਚੈਂਪੀਅਨਸ਼ਿਪ ਦੇ ਚੌਥੇ ਦਿਨ ਵਿਨੇਸ਼ (53 ਕਿਲੋਗ੍ਰਾਮ) ਦੀ ਇਹ ਇਸ ਸੈਸ਼ਨ ਵਿਚ ਜਾਪਾਨੀ ਭਲਵਾਨ ਹੱਥੋਂ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਹ ਚੀਨ 'ਚ ਏਸ਼ਿਆਈ ਚੈਂਪੀਅਨਸ਼ਿਪ ਵਿਚ ਵੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਹੱਥੋਂ ਹਾਰ ਗਈ ਸੀ। ਉਥੇ ਨਵੀਨ ਦੇ 130 ਕਿਲੋਗ੍ਰਾਮ ਰੇਪਚੇਜ ਗੇੜ ਵਿਚ ਏਸਟੋਨੀਆ ਦੇ ਹੀਕੀ ਨਬੀ ਹੱਥੋਂ ਹਾਰਨ ਨਾਲ ਭਾਰਤ ਦੀ ਗ੍ਰੀਕੋ ਰੋਮਨ ਵਿਚ ਮੁਹਿੰਮ ਸਮਾਪਤ ਹੋ ਗਈ। ਵਿਨੇਸ਼ ਨੇ ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ ਵਿਚ ਖ਼ਿਤਾਬ ਜਿੱਤੇ ਹਨ ਪਰ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਅਜੇ ਤਕ ਮੈਡਲ ਜਿੱਤਣ ਵਿਚ ਨਾਕਾਮ ਰਹੀ ਹੈ। ਮੁਕੈਦਾ ਸੈਮੀਫਾਈਨਲ ਵਿਚ ਪੁੱਜ ਗਈ ਹੈ ਤੇ ਜੇ ਉਹ ਫਾਈਨਲ ਵਿਚ ਥਾਂ ਬਣਾਉਂਦੀ ਹੈ ਤਾਂ ਵਿਨੇਸ਼ ਦੀ ਨਾ ਸਿਰਫ਼ ਮੈਡਲ ਦੀ ਬਲਕਿ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਵੀ ਬਣੀ ਰਹੇਗੀ। ਵਿਨੇਸ਼ ਨੂੰ 53 ਕਿਲੋਗ੍ਰਾਮ ਵਿਚ ਬਹੁਤ ਸਖ਼ਤ ਡਰਾਅ ਮਿਲਿਆ ਹੈ। ਉਨ੍ਹਾਂ ਨੇ ਪਹਿਲੇ ਗੇੜ ਵਿਚ ਰੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸੋਫੀਆ ਮੈਟਸਨ ਨੂੰ 13-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਵਿਸ਼ਵ ਵਿਚ ਨੰਬਰ ਦੋ ਮੁਕੈਦਾ ਸਾਹਮਣੇ ਵਿਨੇਸ਼ ਆਪਣੀ ਹਮਲਾਵਰ ਰਣਨੀਤੀ 'ਤੇ ਕਾਇਮ ਨਹੀਂ ਰਹੀ ਤੇ 0-7 ਨਾਲ ਹਾਰ ਗਈ। ਇਕ ਹੋਰ ਓਲੰਪਿਕ ਵਰਗ (50 ਕਿਲੋਗ੍ਰਾਮ) ਵਿਚ ਸੀਮਾ ਬਿਸਲਾ ਪ੍ਰਰੀ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਓਲੰਪਿਕ ਮੈਡਲ ਜੇਤੂ ਮਾਰੀਆ ਸਟੈਡਨਿਕ ਹੱਥੋਂ 2-0 ਨਾਲ ਹਾਰ ਗਈ। ਅਜ਼ਰਬਾਈਜਾਨ ਦੀ ਭਲਵਾਨ ਵੀ ਸੈਮੀਫਾਈਨਲ ਵਿਚ ਪੁੱਜ ਗਈ ਹੈ ਜਿਸ ਨਾਲ ਸੀਮਾ ਦੀਆਂ ਉਮੀਦਾਂ ਕਾਇਮ ਹਨ।

ਲਲਿਤਾ ਤੇ ਕੋਮਲ ਨੂੰ ਵੀ ਮਿਲੀ ਮਾਤ

ਗ਼ੈਰ ਓਲੰਪਿਕ ਵਰਗ ਵਿਚ ਕੋਮਲ ਗੋਲੇ ਨੇ ਤੁਰਕੀ ਦੀ ਬੇਸਟੀ ਅਲਤੁਗ ਖ਼ਿਲਾਫ਼ ਬਹੁਤ ਰੱਖਿਆਤਮਕ ਰਵਈਆ ਅਪਣਾਇਆ ਤੇ 72 ਕਿਲੋਗ੍ਰਾਮ ਕੁਆਲੀਫਿਕੇਸ਼ਨ ਵਿਚ 1-4 ਨਾਲ ਹਾਰ ਗਈ ਜਦਕਿ ਲਲਿਤਾ ਨੂੰ 55 ਕਿਲੋਗ੍ਰਾਮ ਵਿਚ ਮੰਗੋਲੀਆ ਦੀ ਬੋਲੋਰਤੁਯਾ ਓਚਿਰ ਨੇ ਆਸਾਨੀ ਨਾਲ 10-3 ਨਾਲ ਮਾਤ ਦਿੱਤੀ। ਲਲਿਤਾ ਤੇ ਕੋਮਲ ਦੋਵੇਂ ਟੂਰਨਾਮੈਂਟ 'ਚੋਂ ਵੀ ਬਾਹਰ ਹੋ ਗਈਆਂ ਕਿਉਂਕਿ ਬੋਲੋਰਤੁਯਾ ਤੇ ਅਲਤੁਗ ਦੋਵੇਂ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀਆਂ।