ਉਲਾਨ ਉਦੇ (ਪੀਟੀਆਈ) : ਪਿਛਲੀ ਵਾਰ ਦੀ ਸਿਲਵਰ ਮੈਡਲ ਜੇਤੂ ਸਵੀਟੀ ਬੂਰਾ (75 ਕਿਲੋਗ੍ਰਾਮ) ਨੇ ਆਸਾਨ ਜਿੱਤ ਨਾਲ ਸ਼ਨਿਚਰਵਾਰ ਨੂੰ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਪਰ ਨੀਰਜ ਫੋਗਾਟ (57 ਕਿਲੋਗ੍ਰਾਮ) ਨੂੰ ਬਾਹਰ ਦਾ ਰਾਹ ਦੇਖਣਾ ਪਿਆ। ਬੂਰਾ ਨੇ ਪਹਿਲੇ ਗੇੜ ਵਿਚ ਮੰਗੋਲੀਆ ਦੀ ਮਿਆਂਗਮਾਰਜਾਰਗਲ ਮੁੰਖਬਾਟ ਨੂੰ 5-0 ਨਾਲ ਹਰਾਇਆ ਤੇ ਹੁਣ ਉਨ੍ਹਾਂ ਦਾ ਸਾਹਮਣਾ ਵੇਲਜ਼ ਦੀ ਦੂਜਾ ਦਰਜਾ ਲਾਰੇਨ ਪ੍ਰਰਾਈਸ ਨਾਲ ਹੋਵੇਗਾ। ਫੋਗਾਟ ਨੇ ਚੀਨ ਦੀ ਕੀਓ ਜੀਰੂ ਖ਼ਿਲਾਫ਼ ਆਪਣੇ ਵੱਲੋਂ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਜੱਜਾਂ ਦੀ ਨਜ਼ਰ ਵਿਚ ਇਹ ਕੋਸ਼ਿਸ਼ ਉਨ੍ਹਾਂ ਦੀ ਜਿੱਤ ਲਈ ਕਾਫੀ ਨਹੀਂ ਸੀ ਤੇ ਜੱਜਾਂ ਦੇ ਵੰਡੇ ਹੋਏ ਫ਼ੈਸਲੇ 'ਚ ਉਨ੍ਹਾਂ ਨੂੰ 2-3 ਨਾਲ ਹਾਰ ਸਹਿਣੀ ਪਈ। ਬੂਰਾ ਦੀ ਜਿੱਤ ਸੌਖੀ ਰਹੀ ਜਿਸ ਵਿਚ ਉਨ੍ਹਾਂ ਨੇ ਸਟੀਕ ਮੁੱਕਿਆਂ ਨਾਲ ਖ਼ੁਦ ਨੂੰ ਬਿਹਤਰ ਮੁੱਕੇਬਾਜ਼ ਸਾਬਤ ਕੀਤਾ। ਮੰਗੋਲੀਆਈ ਮੁੱਕੇਬਾਜ਼ ਨੇ ਆਖ਼ਰੀ ਤਿੰਨ ਮਿੰਟ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।