ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੀ ਪਹਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਦਾ ਵਾਪਿਸ ਦੇਸ਼ ਮੁੜਨ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਵੀ ਵਾਅਦਾ ਕੀਤਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮੈਡਲ ਜਿੱਤਣ ਲਈ ਹੋਰ ਵੀ ਜ਼ਿਆਦਾ ਮਿਹਨਤ ਕਰੇਗੀ। ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿਚ ਐਤਵਾਰ ਨੂੰ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਨਾਲ ਹੀ ਉਹ ਇਸ ਵੱਕਾਰੀ ਟੂਰਨਾਮੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਸੀ। ਇਸ ਤੋਂ ਪਹਿਲਾਂ ਸਿੰਧੂ ਇਸ ਟੂਰਨਾਮੈਂਟ ਦੇ ਪਿਛਲੇ ਐਡੀਸ਼ਨਾਂ ਵਿਚ ਦੋ ਸਿਲਵਰ ਤੇ ਦੋ ਕਾਂਸੇ ਦੇ ਮੈਡਲ ਵੀ ਜਿੱਤ ਚੁੱਕੀ ਹੈ। ਉਹ ਜਦ ਸੋਮਵਾਰ ਰਾਤ ਨੂੰ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨਾਲ ਇੱਥੇ ਇੰਦਰਾ ਗਾਂਧੀ ਏਅਰਪੋਰਟ ਪੁੱਜੀ ਤਾਂ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਪੀਵੀ ਸਿੰਧੂ ਨੇ ਆਪਣੇ ਕੋਚ ਗੋਪੀਚੰਦ ਤੇ ਕਿਮ (ਜੀ ਹਿਊਨ) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਮੇਰੀ ਖੇਡ ਵਿਚ ਤਬਦੀਲੀ ਲਿਆਂਦੀ। ਦੱਖਣੀ ਕੋਰੀਆ ਦੀ ਸਾਬਕਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਕਿਮ ਇਸ ਸਾਲ ਦੇ ਸ਼ੁਰੂ ਵਿਚ ਗੋਪੀਚੰਦ ਦੀ ਸਿਫ਼ਾਰਸ਼ 'ਤੇ ਕੋਚਿੰਗ ਸਟਾਫ ਨਾਲ ਜੁੜੀ ਸੀ।

ਸਿੰਧੂ ਭਾਰਤ ਦਾ ਮਾਣ : ਮੋਦੀ

ਨਵੀਂ ਦਿੱਲੀ : ਪੀਵੀ ਸਿੰਧੂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰਤ ਦਾ ਮਾਣ ਦੱਸਿਆ। ਮੁਲਾਕਾਤ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਕਿ ਭਾਰਤ ਦਾ ਮਾਣ, ਇਕ ਚੈਂਪੀਅਨ ਜੋ ਇਕ ਗੋਲਡ ਤੇ ਬਹੁਤ ਸਾਰਾ ਸਨਮਾਨ ਲੈ ਕੇ ਵਾਪਿਸ ਦੇਸ਼ ਮੁੜੀ, ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ ਪੀਵੀ ਸਿੰਧੂ। ਤੁਹਾਨੂੰ ਵਧਾਈ ਤੇ ਭਵਿੱਖ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।

ਖੇਡ ਮੰਤਰੀ ਨੇ ਦਿੱਤਾ 10 ਲੱਖ ਦਾ ਚੈੱਕ

ਨਵੀਂ ਦਿੱਲੀ : ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸਕ ਜਿੱਤ ਹਾਸਲ ਕਰਨ 'ਤੇ ਪੀਵੀ ਸਿੰਧੂ ਨੂੰ ਮੰਗਲਵਾਰ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਨੇ ਪੁਰਸਕਾਰ ਵਜੋਂ 10 ਲੱਖ ਰੁਪਏ ਦਾ ਚੈੱਕ ਦਿੱਤਾ। ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਨੇ ਇੱਥੇ ਪੁੱਜਣ 'ਤੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਪ੍ਰਧਾਨ ਹਿਮਾਂਤਾ ਬਿਸਵਾ ਸ਼ਰਮਾ, ਕੋਚ ਪੁਲੇਲਾ ਗੋਪੀਚੰਦ ਤੇ ਕਿਮ ਜੀ ਹਿਊਨ ਅਤੇ ਸਿੰਧੂ ਦੇ ਪਿਤਾ ਤੇ 1986 ਏਸ਼ੀਅਨ ਖੇਡਾਂ ਵਿਚ ਵਾਲੀਬਾਲ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਪੀਵੀ ਰਮਾਨਾ ਵੀ ਸ਼ਾਮਲ ਸਨ। ਖੇਡ ਮੰਤਰੀ ਨੇ ਬੀ ਸਾਈ ਪ੍ਰਣੀਤ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ 'ਤੇ ਚਾਰ ਲੱਖ ਰੁਪਏ ਦਾ ਚੈੱਕ ਦਿੱਤਾ।

--

ਸਿੰਧੂ ਦਾ ਗੋਲਡ ਮੈਡਲ ਖ਼ਾਸ ਸੀ, ਪਰ ਇਸ ਵੱਡੇ ਮੁਕਾਬਲੇ ਵਿਚ ਉਨ੍ਹਾਂ ਦੇ ਪਿਛਲੇ ਮੈਡਲਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਹੈ। ਉਹ ਸ਼ਾਨਦਾਰ ਖਿਡਾਰਨ ਹੈ। ਇਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪਰ ਉਨ੍ਹਾਂ ਨੇ ਜੋ ਵੀ ਮੈਡਲ ਜਿੱਤੇ ਹਨ, ਸਾਰੇ ਖ਼ਾਸ ਹਨ। ਅਸੀਂ ਕਾਂਸੇ ਤੇ ਸਿਲਵਰ ਵੀ ਜਿੱਤ ਚੁੱਕੇ ਹਾਂ। ਗੋਲਡ 'ਤੇ ਸਵਾਲ ਸੀ। ਇਸ ਨੂੰ ਹਾਸਲ ਕਰਨਾ ਖ਼ੁਸ਼ੀ ਵਾਲੀ ਗੱਲ ਹੈ।

-ਪੁਲੇਲਾ ਗੋਪੀਚੰਦ