ਦੋਹਾ (ਏਐੱਫਪੀ) : ਫਰਾਟਾ ਦੌੜਾਕ ਨੀਆ ਅਲੀ ਦੇ 100 ਮੀਟਰ ਅੜਿੱਕਾ ਦੌੜ ਵਿਚ ਖ਼ਿਤਾਬ ਸਮੇਤ ਅਮਰੀਕਾ ਨੇ ਇੱਥੇ ਸਮਾਪਤ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਵੀ ਦਬਦਬਾ ਕਾਇਮ ਰੱਖਦੇ ਹੋਏ ਤਿੰਨ ਗੋਲਡ ਮੈਡਲ ਆਪਣੀ ਝੋਲੀ 'ਚ ਪਾਏ। ਨੀਆ ਨੇ ਖ਼ਲੀਫ਼ਾ ਸਟੇਡੀਅਮ ਵਿਚ 12.34 ਸਕਿੰਟ ਦਾ ਸਮਾਂ ਕੱਢ ਕੇ ਵਿਸ਼ਵ ਰਿਕਾਰਡ ਹਾਸਲ ਕੇਨੀ ਹੈਰੀਸਨ ਨੂੰ ਪਿੱਛੇ ਛੱਡਿਆ। ਦੋ ਬੱਚਿਆਂ ਦੀ ਮਾਂ 30 ਸਾਲਾ ਨੀਆ ਨੇ ਕਿਹਾ ਕਿ ਮੈਂ ਬੱਚਿਆਂ ਦੇ ਜਨਮ ਤੋਂ ਬਾਅਦ ਸਖ਼ਤ ਮਿਹਨਤ ਕੀਤੀ ਸੀ। ਇਨ੍ਹਾਂ ਮਹਿਲਾਵਾਂ (ਵਿਰੋਧੀਆਂ) ਨੇ ਮੁਕਾਬਲੇ ਦਾ ਪੱਧਰ ਵਧਾ ਦਿੱਤਾ ਸੀ ਇਸ ਲਈ ਮੈਂ ਜਾਣਦੀ ਸੀ ਕਿ ਮੈਂ ਕੀ ਕਰਨਾ ਹੈ। ਭਾਰਤ ਇਸ ਚੈਂਪੀਅਨਸ਼ਿਪ ਵਿਚ ਇਕ ਵੀ ਮੈਡਲ ਆਪਣੇ ਨਾਂ ਨਹੀਂ ਕਰ ਸਕਿਆ ਪਰ ਤਿੰਨ ਮੁਕਾਬਲਿਆਂ ਦੇ ਫਾਈਨਲ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਿਹਾ। ਇਸ ਚੈਂਪੀਅਨਸ਼ਿਪ ਵਿਚ ਭਾਰਤ 58ਵੇਂ ਸਥਾਨ 'ਤੇ ਰਿਹਾ। ਅਮਰੀਕਾ ਨੇ ਆਖ਼ਰੀ ਦਿਨ ਕੁੱਲ ਤਿੰਨ ਮੈਡਲ ਜਿੱਤੇ ਤੇ ਉਹ ਚੈਂਪੀਅਨਸ਼ਿਪ ਵਿਚ ਕੁੱਲ 14 ਗੋਲਡ, 11 ਸਿਲਵਰ ਤੇ ਚਾਰ ਕਾਂਸੇ ਦੇ ਮੈਡਲਾਂ ਨਾਲ ਚੋਟੀ 'ਤੇ ਰਿਹਾ। ਅਮਰੀਕਾ ਨੇ ਦਿਨ ਦੇ ਦੋ ਹੋਰ ਗੋਲਡ ਮੈਡਲ ਮਹਿਲਾ ਤੇ ਮਰਦ ਦੋਵਾਂ ਵਰਗਾਂ ਦੀ ਚਾਰ ਗੁਣਾ 400 ਮੀਟਰ ਰਿਲੇਅ ਦੌੜ ਵਿਚ ਜਿੱਤੇ। ਕੀਨੀਆ ਦੂਜੇ ਸਥਾਨ 'ਤੇ ਰਿਹਾ। ਉਸ ਨੇ ਪੰਜ ਗੋਲਡ, ਦੋ ਸਿਲਵਰ ਤੇ ਚਾਰ ਕਾਂਸੇ ਦੇ ਮੈਡਲ ਹਾਸਲ ਕੀਤੇ। ਜਮੈਕਾ ਤਿੰਨ ਗੋਲਡ, ਪੰਜ ਸਿਲਵਰ ਸਮੇਤ ਨੌਂ ਮੈਡਲ ਲੈ ਕੇ ਤੀਜੇ ਸਥਾਨ 'ਤੇ ਰਿਹਾ। ਚੀਨ ਨੇ ਤਿੰਨ ਗੋਲਡ ਸਮੇਤ ਨੌਂ ਮੈਡਲ ਜਿੱਤੇ ਤੇ ਉਸ ਨੂੰ ਚੌਥਾ ਸਥਾਨ ਮਿਲਿਆ। ਅੰਤਰਰਾਸ਼ਟਰੀ ਅਥਲੈਟਿਕਸ ਮਹਾਸੰਘ (ਆਈਏਏਐੱਫ) ਦੇ ਪ੍ਰਧਾਨ ਸਬੇਸਟੀਅਨ ਕੋ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ ਕਈ ਚੈਂਪੀਅਨਸ਼ਿਪ ਰਿਕਾਰਡ ਬਣੇ। ਕੁੱਲ 43 ਦੇਸ਼ਾਂ ਨੇ ਮੈਡਲ ਆਪਣੇ ਨਾਂ ਕੀਤੇ ਜਦਕਿ 209 ਦੇਸ਼ਾਂ ਨੇ ਇਸ ਵਿਚ ਹਿੱਸਾ ਲਿਆ। ਆਈਏਏਐੱਫ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਇਸ ਵਾਰ ਸਰਬੋਤਮ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਚੈਂਪੀਅਨਸ਼ਿਪ ਵਿਚ 86 ਰਾਸ਼ਟਰੀ ਰਿਕਾਰਡ ਬਣੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਵੱਖ ਸੱਭਿਆਚਾਰ ਤੇ ਵੱਖ ਵੱਖ ਹਾਲਾਤ ਦਾ ਤਜਰਬਾ ਕਰਨ।

ਕਾਰਡਿਫ ਮੈਰਾਥਨ 'ਚ ਹਿੱਸਾ ਲੈ ਰਹੇ ਦੌੜਾਕ ਦੀ ਹੋਈ ਮੌਤ

ਕਾਰਡਿਫ ਹਾਫ ਮੈਰਾਥਨ ਵਿਚ ਹਿੱਸਾ ਲੈ ਰਹੇ ਇਕ ਦੌੜਾਕ ਦੀ ਰੇਸ ਦੌਰਾਨ ਮੌਤ ਹੋ ਗਈ। ਦੌੜਾਕ ਨੂੰ ਤੁਰੰਤ ਮੈਡੀਕਲ ਟੀਮ ਨੇ ਦੇਖਿਆ ਸੀ ਤੇ ਇਸ ਤੋਂ ਬਾਅਦ ਵੇਲਜ਼ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਦੌੜਾਕ ਦੀ ਪਛਾਣ ਹਾਲਾਂਕਿ ਅਜੇ ਤਕ ਜਨਤਕ ਨਹੀਂ ਕੀਤੀ ਗਈ। ਰਨ 4 ਵੇਲਜ਼ ਦੇ ਮੁੱਖ ਕਾਰਜਕਾਰੀ ਮੈਟ ਨਿਊਮੈਨ ਨੇ ਕਿਹਾ ਕਿ ਮੈਰਾਥਨ ਵਿਚ ਹਿੱਸਾ ਲੈਂਦੇ ਹੋਏ ਜਿਸ ਦੌੜਾਕ ਦੀ ਮੌਤ ਹੋਈ ਉਸ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ। ਜੋ ਵੀ ਇਸ ਰੇਸ ਨਾਲ ਜੁੜਿਆ ਸੀ, ਉਹ ਹੈਰਾਨ ਹੈ। ਪਿਛਲੇ ਸਾਲ ਵੀ ਦੋ ਬਰਤਾਨਵੀ ਦੌੜਾਕਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।