ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਚਾਲੇ ਡੋਪ ਟੈਸਟ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਵਾਡਾ ਤੇ ਐੱਨਏਡੀਓ ਦੇ ਐਡਵਾਈਜ਼ਰੀ ਗਰੁੱਪ ਦੀ ਸ਼ੁੱਕਰਵਾਰ ਨੂੰ ਟੈਲੀਕਾਨਫਰੰਸ ਮੀਟਿੰਗ ਹੋਈ ਸੀ ਜਿਸ ਵਿਚ ਐਂਟੀ ਡੋਪਿੰਗ ਸੰਗਠਨ (ਏਡੀਓ) ਨੂੰ ਸਥਾਨਕ ਸਿਹਤ ਅਧਿਕਾਰੀਆਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤਹਿਤ ਕੰਮ ਕਰਨ ਲਈ ਕਿਹਾ ਗਿਆ ਹੈ ਤਾਂਕਿ ਖਿਡਾਰੀਆਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾ ਸਕੇ ਤੇ ਨਾਲ ਹੀ ਡੋਪਿੰਗ ਕੰਟਰੋਲ ਪ੍ਰੋਗਰਾਮ ਦੀ ਅਖੰਡਤਾ ਨੂੰ ਬਚਾਇਆ ਜਾ ਸਕੇ। ਵਾਡਾ ਨੇ ਕਿਹਾ ਕਿ ਜੇ ਟੈਸਟ ਕਰਨ ਵਾਲੇ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਜਾਂਦਾ ਹੈ ਤਾਂ ਜਿਨ੍ਹਾਂ ਖਿਡਾਰੀਆਂ ਦਾ ਉਨ੍ਹਾਂ ਨੇ ਟੈਸਟ ਕੀਤਾ ਹੈ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਦੇ ਦਿੱਤੀ ਜਾਵੇਗੀ। ਵਾਡਾ ਨੇ ਕਿਹਾ ਕਿ ਮਾਸਕ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਕੰਮ ਦੀ ਥਾਂ ਨੂੰ ਰੋਗਾਣੂ ਰਹਿਤ ਕਰਨਾ ਤੇ ਜੇ ਸਥਾਨਕ ਪਾਬੰਦੀਆਂ ਟੈਸਟ ਦੌਰਾਨ ਸਾਹਮਣੇ ਆਉਂਦੀਆਂ ਹਨ ਤਾਂ ਏਡੀਓ ਨੂੰ ਉਨ੍ਹਾਂ ਦਾ ਪਾਲਨ ਕਰਨਾ ਪਵੇਗਾ। ਦਿਸ਼ਾ ਨਿਰਦੇਸ਼ਾਂ ਮੁਤਾਬਕ, ਏਡੀਓ ਨੂੰ ਖਿਡਾਰੀਆਂ ਦੇ ਠਿਕਾਣਿਆਂ ਦਾ ਪਤਾ ਲਗਾਉਣਾ ਪਵੇਗਾ ਤੇ ਉਨ੍ਹਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣੀ ਪਵੇਗੀ ਕਿਉਂਕਿ ਜੇ ਵਿਦੇਸ਼ਾਂ ਵਿਚ ਸਫ਼ਰ ਕਰ ਰਿਹਾ ਹੈ ਤਾਂ ਇਹ ਜਾਣਕਾਰੀ ਕਾਫੀ ਉਪਯੋਗੀ ਸਾਬਤ ਹੋ ਸਕਦੀ ਹੈ।

ਅਧਿਕਾਰੀਆਂ ਦਾ ਵੀ ਰੱਖਿਆ ਜਾਵੇ ਧਿਆਨ

ਦਿਸ਼ਾ ਨਿਰਦੇਸ਼ਾਂ ਵਿਚ ਏਡੀਓ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਟੈਸਟ ਪ੍ਰੋਗਰਾਮ ਜਾਰੀ ਰਹਿੰਦਾ ਹੈ ਤਾਂ ਸਿਹਤ ਅਧਿਕਾਰੀਆਂ ਮੁਤਾਬਕ ਬਿਹਤਰ ਬਚਾਅ ਦੇ ਬਦਲ ਸ਼ਾਮਲ ਕਰਨੇ ਪੈਣਗੇ ਤਾਂਕਿ ਸੈਂਪਲ ਲੈਣ ਵਾਲੇ ਅਧਿਕਾਰੀਆਂ ਦੀ ਸੁਰੱਖਿਆ ਦਾ ਖ਼ਿਆਲ ਰੱਖਿਆ ਜਾ ਸਕੇ।