ਨਵੀਂ ਦਿੱਲੀ (ਜੇਐੱਨਐੱਨ) : ਯੂਐੱਸ ਓਪਨ 'ਚ ਸੈਮੀਫਾਈਨਲ ਮੁਕਾਬਲਿਆਂ ਦੀ ਲਾਈਨਅਪ ਤੈਅ ਹੋ ਗਈ ਹੈ। ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਮੁਕਾਬਲੇ ਸ਼ੁੱਕਰਵਾਰ ਨੂੰ ਖੇਡੇ ਜਾਣਗੇ।

ਇਨ੍ਹਾਂ ਵਿਚ ਪਹਿਲੇ ਸੈਮੀਫਾਈਨਲ ਵਿਚ ਜਾਪਾਨ ਦੀ ਨਾਓਮੀ ਓਸਾਕਾ ਦਾ ਸਾਹਮਣਾ ਅਮਰੀਕਾ ਦੀ ਜੇਨੀਫਰ ਬਰੈਡੀ ਨਾਲ ਹੋਵੇਗਾ ਤੇ ਦੂਜੇ ਸੈਮੀਫਾਈਨਲ 'ਚ ਅਮਰੀਕੀ ਦਿੱਗਜ ਸੇਰੇਨਾ ਵੀਲੀਅਮਜ਼ ਤੇ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਦੇ ਰੂਪ ਵਿਚ ਦੋ ਮਾਵਾਂ ਆਹਮੋ-ਸਾਹਮਣੇ ਹੋਣਗੀਆਂ।

ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਓਸਾਕਾ ਤੇ ਬਰੈਡੀ ਵਿਚਾਲੇ ਸੈਮੀਫਾਈਨਲ ਮੁਕਾਬਲੇ ਦੀ ਲਾਈਨਅਪ ਮੰਗਲਵਾਰ ਨੂੰ ਤੈਅ ਹੋ ਗਈ ਸੀ ਤੇ ਇਸ ਤੋਂ ਬਾਅਦ ਹੋਏ ਮੁਕਾਬਲੇ ਵਿਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਕੁਆਰਟਰ ਫਾਈਨਲ ਮੈਚ ਵਿਚ 16ਵਾਂ ਦਰਜਾ ਏਲਿਸ ਮਰਟੇਂਸ ਨੂੰ ਸਿੱਧੇ ਸੈੱਟਾਂ ਵਿਚ 6-1, 6-0 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਸੇਰੇਨਾ ਨੇ ਬੁਲਗਾਰੀਆ ਦੀ ਸੇਵਤਾਨਾ ਪਿਰੋਂਕੋਵਾ ਖ਼ਿਲਾਫ਼ 4-6, 6-3, 6-2 ਨਾਲ ਜਿੱਤ ਦਰਜ ਕਰ ਕੇ ਲਗਾਤਾਰ 11ਵੀਂ ਵਾਰ ਯੂਐੱਸ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਥਿਏਮ ਤੇ ਮੇਦਵੇਦੇਵ ਵੀ ਸੈਮੀਫਾਈਨਲ 'ਚ

ਨਿਊਯਾਰਕ (ਏਪੀ) : ਪਾਬਲੋ ਕਾਰੇਨੋ ਬੁਸਟਾ ਤੇ ਅਲੈਗਜ਼ੈਂਡਰ ਜਵੇਰੇਵ ਤੋਂ ਬਾਅਦ ਦੂਜਾ ਦਰਜਾ ਹਾਸਲ ਡੋਮੀਨਿਕ ਥਿਏਮ ਤੇ ਤੀਜਾ ਦਰਜਾ ਡੇਨਿਲ ਮੇਦਵੇਦੇਵ ਵੀ ਯੂਐੱਸ ਓਪਨ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪੁੱਜ ਗਏ ਹਨ। ਦੋਵੇਂ ਸੈਮੀਫਾਈਨਲ ਸ਼ਨਿਚਰਵਾਰ ਨੂੰ ਖੇਡੇ ਜਾਣਗੇ। ਕੁਆਰਟਰ ਫਾਈਨਲ ਵਿਚ ਮੇਦਵੇਦੇਵ ਨੇ ਹਮਵਦਨ ਰੂਸੀ ਖਿਡਾਰੀ ਆਂਦਰੇਈ ਰੂਬਲੇਵ ਨੂੰ 7-6, 6-3, 7-6 ਨਾਲ ਹਰਾਇਆ। ਥਿਏਮ ਨੇ ਏਲੇਕਸ ਡੀ ਮਿਨੌਰ ਨੂੰ 6-1, 6-2, 6-4 ਨਾਲ ਮਾਤ ਦਿੱਤੀ। ਪਹਿਲੇ ਸੈਮੀਫਾਈਨਲ ਵਿਚ ਥਿਏਮ ਤੇ ਮੇਦਵੇਦੇਵ ਤੇ ਦੂਜੇ ਸੈਮੀਫਾਈਨਲ ਵਿਚ ਜਵੇਰੇਵ ਤੇ ਪਾਬਲੋ ਕੋਰੇਨੋ ਬੁਸਟਾ ਭਿੜਨਗੇ।