ਪੈਰਿਸ (ਪੀਟੀਆਈ) : ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੂੰ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਵਿਚ ਇਕਤਰਫ਼ਾ ਫਾਈਨਲ ਵਿਚ ਚੀਨੀ ਤਾਇਪੇ ਦੀ ਤਿਕੜੀ ਹੱਥੋਂ ਹਾਰ ਕੇ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਭਾਰਤ ਨੇ ਇਸ ਤਰ੍ਹਾਂ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਇਕ ਗੋਲਡ ਤੇ ਦੋ ਸਿਲਵਰ ਮੈਡਲਾਂ ਨਾਲ ਖ਼ਤਮ ਕੀਤੀ। ਇਨ੍ਹਾਂ ਵਿਚੋਂ ਦੋ ਮੈਡਲ ਕੰਪਾਊਂਡ ਵਰਗ ਵਿਚ ਮਿਲੇ ਸਨ। ਮਹਿਲਾ ਰਿਕਰਵ ਟੀਮ ਨੂੰ 13ਵਾਂ ਦਰਜਾ ਦਿੱਤਾ ਗਿਆ ਸੀ ਕਿਉਂਕਿ ਤਿੰਨੇ ਤੀਰਅੰਦਾਜ਼ ਨਿੱਜੀ ਕੁਆਲੀਫਿਕੇਸ਼ਨ ਗੇੜ ਵਿਚ ਸਿਖਰਲੇ 30 'ਚੋਂ ਬਾਹਰ ਰਹੀਆਂ ਸਨ।

ਭਾਰਤੀ ਟੀਮ ਫਾਈਨਲ ਵਿਚ ਪ੍ਰਭਾਵਿਤ ਨਹੀਂ ਕਰ ਸਕੀ ਤੇ ਚੀਨੀ ਤਾਇਪੇ ਹੱਥੋਂ ਸਿੱਧੇ ਸੈੱਟ ਵਿਚ 1-5 (53-56, 56-56, 53-56) ਨਾਲ ਹਾਰ ਗਈ। ਚੀਨੀ ਤਾਇਪੇ ਦੇ ਲਾਈਨਅਪ ਵਿਚ ਰੀਓ ਓਲੰਪਿਕ ਟੀਮ ਦੀ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਦੀ ਮੈਂਬਰ ਲੇਈ ਚਿਏਨ ਿਯੰਗ ਵੀ ਸ਼ਾਮਲ ਸੀ ਤੇ ਇਸ ਤੀਜਾ ਦਰਜਾ ਤੀਰਅੰਦਾਜ਼ ਨੇ ਸ਼ੁਰੂ ਵਿਚ ਹੀ ਦਬਾਅ ਬਣਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਦੋ ਵਾਰ 10 ਤੇ ਚਾਰ ਵਾਰ ਨੌਂ 'ਤੇ ਨਿਸ਼ਾਨਾ ਲਾਇਆ। ਉਥੇ ਭਾਰਤ ਨੇ ਪਹਿਲੇ ਸੈੱਟ ਵਿਚ ਸੱਤ ਦੇ ਸ਼ਾਟ ਲਾਏ ਜੋ ਟਰਨਿੰਗ ਪੁਆਇੰਟ ਸਾਬਤ ਹੋਇਆ। ਭਾਰਤੀ ਤਿਕੜੀ ਨੇ ਵਾਪਸੀ ਕਰ ਕੇ ਦੂਜੇ ਸੈੱਟ ਵਿਚ ਜਿੱਤ ਨਾਲ ਸਕੋਰ ਬਰਾਬਰ ਕੀਤਾ ਪਰ ਇੰਨਾ ਹੀ ਕਾਫੀ ਨਹੀਂ ਸੀ, ਅਗਲੇ ਸੈੱਟ ਵਿਚ ਚੀਨੀ ਤਾਇਪੇ ਦੀਆਂ ਤੀਰਅੰਦਾਜ਼ਾਂ ਨੇ ਆਪਣੀ ਨਿਰੰਤਰਤਾ ਕਾਇਮ ਰੱਖੀ ਤੇ ਗੋਲਡ ਮੈਡਲ ਜਿੱਤਿਆ। ਦੁਨੀਆ ਦੀ ਤੀਜੇ ਨੰਬਰ ਦੀ ਤੀਰਅੰਦਾਜ਼ ਦੀਪਿਕਾ ਦੀ ਹਾਲਾਂਕਿ ਇਹ ਯਾਦਗਾਰ ਵਾਪਸੀ ਰਹੀ ਜਿਨ੍ਹਾਂ ਨੇ ਟੋਕੀਓ ਓਲੰਪਿਕ ਦੀ ਨਿਰਾਸ਼ਾ ਤੋਂ ਬਾਅਦ ਟੀਮ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਸਿਲਵਰ ਮੈਡਲ ਜਿੱਤਿਆ।

Posted By: Gurinder Singh