ਟੋਕੀਓ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਇੱਥੇ ਮੇਜ਼ਬਾਨ ਜਾਪਾਨ ਨੂੰ ਸੰਘਰਸ਼ਪੂਰਨ ਮੈਚ ਵਿਚ 2-1 ਨਾਲ ਹਰਾ ਕੇ ਓਲੰਪਿਕ ਟੈਸਟ ਇਵੈਂਟ ਦਾ ਖ਼ਿਤਾਬ ਜਿੱਤਿਆ। ਓਆਈ ਹਾਕੀ ਸਟੇਡੀਅਮ ਵਿਚ ਵਿਸ਼ਵ ਦੀ 10ਵੇਂ ਨੰਬਰ ਦੀ ਭਾਰਤੀ ਟੀਮ ਵੱਲੋਂ ਨਵਜੋਤ ਕੌਰ ਨੇ 11ਵੇਂ ਤੇ ਲਾਲਰੇਮਸਿਆਮੀ ਨੇ 33ਵੇਂ ਮਿੰਟ ਵਿਚ ਗੋਲ ਕੀਤੇ। ਜਾਪਾਨ ਵੱਲੋਂ ਇੱਕੋ ਇਕ ਗੋਲ ਮਿਨਾਮੀ ਸ਼ਿਮਿਜੂ ਨੇ 12ਵੇਂ ਮਿੰਟ ਵਿਚ ਕੀਤਾ। ਭਾਰਤ ਆਖ਼ਰੀ ਕੁਆਰਟ ਵਿਚ ਗੋਲ ਬਚਾਉਣ ਦੀ ਕਵਾਇਦ ਵਿਚ ਕਾਮਯਾਬ ਰਿਹਾ। ਜਾਪਾਨ ਨੂੰ ਆਖ਼ਰੀ ਸਮੇਂ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਚੰਗਾ ਬਚਾਅ ਕੀਤਾ।

ਲਿਲਿਮਾ ਦੇ 150 ਅੰਤਰਰਾਸ਼ਟਰੀ ਮੈਚ

ਜਾਪਾਨ ਖ਼ਿਲਾਫ਼ ਬੁੱਧਵਾਰ ਨੂੰ ਓਲੰਪਿਕ ਟੈਸਟ ਇਵੈਂਟ ਦਾ ਫਾਈਨਲ ਮੁਕਾਬਲਾ ਭਾਰਤੀ ਮਹਿਲਾ ਹਾਕੀ ਖਿਡਾਰੀ ਲਿਲਿਮਾ ਮਿੰਜ ਦਾ 150ਵਾਂ ਅੰਤਰਰਾਸ਼ਟਰੀ ਮੈਚ ਸੀ। ਉਨ੍ਹਾਂ ਦੀ ਇਸ ਉਪਲੱਬਧੀ 'ਤੇ ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 25 ਸਾਲਾ ਲਿਲਿਮਾ ਨੇ 2011 ਵਿਚ ਅੰਤਰਰਾਸ਼ਟਰੀ ਮੈਚਾਂ ਵਿਚ ਸ਼ੁਰੂਆਤ ਕੀਤੀ ਸੀ।