ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਓਲੰਪਿਕ ਖੇਡਾਂ ’ਚ ਕਈ ਖਿਡਾਰੀਆਂ ਨੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਖੇਡਾਂ ’ਚ ਹਰ ਵਾਰ ਕਈ ਨਵੇਂ ਰਿਕਾਰਡ ਬਣਦੇ ਹਨ ਤੇ ਕਈ ਟੁੱਟਦੇ ਹਨ। ਅੱਜ ਗੱਲ ਕਰਦੇ ਹਾਂ ਟੋਕੀਓ ਓਲੰਪਿਕ ਦੇ ਅਜਿਹੇ ਹੀ ਕੁਝ ਖ਼ਾਸ ਪੱਖਾਂ ਬਾਰੇ।

‘ਚਿਕਨ ਲੈੱਗ’ ਨੇ ਜਿੱਤੇ ਦੋ ਮੈਡਲ

ਕੌਮਾਂਤਰੀ ਖੇਡ ਕਰੀਅਰ ’ਚ ਲਗਤਾਰ ਪੰਜ ਓਲੰਪਿਕ ਟੂਰਨਾਮੈਂਟਾਂ ’ਚ 7 ਗੋਲਡ, 3 ਸਿਲਵਰ ਤੇ 1 ਤਾਂਬੇ ਦਾ ਤਗਮਾ ਜਿੱਤਣ ਵਾਲੀ ਅਮਰੀਕਾ ਦੀ 35 ਸਾਲਾ ਮਿਚੇਲ ਫੀਲਿਕਸ ਦਾ ਪੂਰਾ ਨਾਂ ਐਲਸਨ ਮਿਚੇਲ ਫੀਲਿਕਸ ਹੈ। ਉਸ ਦਾ ਜਨਮ 11 ਨਵੰਬਰ , 1985 ਨੂੰ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ’ਚ ਹੋਇਆ। ਉਸ ਦੇ ‘ਸਪੋਰਟਸ ਟੀਮ ਮੇਟਸ’ ਵੱਲੋਂ 5 ਫੁੱਟ 6 ਇੰਚ ਲੰਮੇ ਕੱਦ ਸਦਕਾ ਉਸ ਦਾ ਨਿੱਕ ਨੇਮ ‘ਚਿਕਨ ਲੈੱਗ’ ਰੱਖਿਆ ਗਿਆ।

ਤਿੰਨ ਸਾਲਾ ਧੀ ਕੈਮਰਿਨ ਦੀ ਮਾਂ ਅਮਰੀਕਾ ਦੀ 35 ਸਾਲਾ ਫਰਾਟਾ ਦੌੜਾਕ ਮਿਚੇਲ ਨੇ 2019 ’ਚ ਦੋਹਾ ’ਚ ਖੇਡੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਦਸ ਮਹੀਨੇ ਪਹਿਲਾਂ ਧੀ ਨੂੰ ਜਨਮ ਦੇਣ ਤੋਂ ਬਾਅਦ 4 ਗੁਣਾ 400 ਮੀਟਰ ਮਿਕਸਡ ਰਿਲੇਅ ਰੇਸ ’ਚ ਗੋਲਡ ਮੈਡਲ ਜਿੱਤਿਆ ਸੀ। ਟੋਕੀਓ ਓਲੰਪਿਕ ਉਸ ਦੇ ਕਰੀਅਰ ਦਾ ਰਿਕਾਰਡ 5ਵਾਂ ਓਲੰਪਿਕ ਟੂਰਨਾਮੈਂਟ ਸੀ। ਉਸ ਨੇ ਏਥਨਜ਼-2004 ਓਲੰਪਿਕ ਟੂਰਨਾਮੈਂਟ ਖੇਡਣ ਲਈ 200 ਮੀਟਰ ਦੌੜਨ ਲਈ ਕੁਆਲੀਫਾਈ ਕੀਤਾ ਸੀ ਤੇ ਓਲੰਪਿਕ ਕਰੀਅਰ ਦੀ ਪਹਿਲੀ ਇਸ ਫਰਾਟਾ ਦੌੜ ’ਚ ਉਸ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।

ਏਥਨਜ਼-2004 ਓਲੰਪਿਕ ਤੋਂ ਬਾਅਦ ਬੀਜਿੰਗ-2008 ਓਲੰਪਿਕ ’ਚ ਜਮਾਇਕਾ ਦੀ ਤੇਜ਼ ਦੌੜਾਕ ਵੇਰੋਨਿਕਾ ਕੈਂਪਬੈਲ ਵੱਲੋਂ ਗੋਲਡ ਮੈਡਲ ਜਿੱਤਣ ਸਦਕਾ ਮਿਚੇਲ ਨੂੰ 200 ਮੀਟਰ ਦੌੜ ’ਚ ਇਕ ਵਾਰ ਫੇਰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਬੀਜਿੰਗ ਓਲੰਪਿਕ ’ਚ ਖ਼ਾਸ ਗੱਲ ਇਹ ਰਹੀ ਕਿ ਅਮਰੀਕਨ ਟੀਮ ਨਾਲ ਚਾਰ ਗੁਣਾ 400 ਰੀਲੇਅ ਦੌੜ ’ਚ ਉਸ ਨੇ ਪਹਿਲਾ ਓਲੰਪਿਕ ਸੋਨ ਤਗਮਾ ਹਾਸਲ ਕੀਤਾ।

ਓਲੰਪਿਕ ਖੇਡਣ ਉਪਰੰਤ ਉਸ ਨੇ ਬਰਲਿਨ-2009 ਵਿਸ਼ਵ ਚੈਂਪੀਅਨਸ਼ਿਪ ’ਚ 200 ਤੇ 4 ਗੁਣਾ 400 ਮੀਟਰ ਰੀਲੇਅ ’ਚ ਦੋ ਗੋਲਡ ਮੈਡਲ ਜਿੱਤਣ ਸਦਕਾ ਆਪਣਾ ਗੋਲਡਨ ਸਫ਼ਰ ਜਾਰੀ ਰੱਖਿਆ। ਲੰਡਨ ਓਲੰਪਿਕ ਟੂਰਨਾਮੈਂਟ ’ਚ ਉਸ ਨੇ 200, 4 ਗੁਣਾ 100 ਤੇ 4 ਗੁਣਾ 400 ਮੀਟਰ ਰੀਲੇਅ ਦੌੜਾਂ ’ਚ ਤਿੰਨ ਸੋਨ ਤਗਮੇ ਜਿੱਤ ਕੇ ਗੋਲਡਨ ਹੈਟਿ੍ਰਕ ਲਗਾਉਣ ’ਚ ਸਫਲਤਾ ਹਾਸਲ ਕੀਤੀ। ਅਮਰੀਕੀ ਰੀਲੇਅ ਖਿਡਾਰਨਾਂ ਮਿਚੇਲ ਫੀਲਿਕਸ, ਕਰਮਿਲੇਤਾ ਜੀਟਰ, ਟਿਆਨਾ ਮੈਡੀਸਨ ਤੇ ਬਲੈਂਕਾ ਨਾਈਟ ਨੇ 4 ਗੁਣਾ 100 ਮੀਟਰ ਰੀਲੇਅ ’ਚ 1985 ’ਚ ਜਰਮਨੀ ਦੀਆਂ ਅਥਲੀਟਾਂ ਵੱਲੋਂ ਸਥਾਪਿਤ 41.37 ਸਕਿੰਟ ਦੇ ਸਮੇਂ ਨੂੰ ਕਾਟ ਕਰਦਿਆਂ ਨਵਾਂ 41.36 ਸਕਿੰਟ ਦਾ ਆਲਮੀ ਰਿਕਾਰਡ ਵੀ ਸਿਰਜਿਆ।

ਲੰਡਨ ਓਲੰਪਿਕ ਦੇ 100 ਮੀਟਰ ਈਵੈਂਟ ’ਚ ਜਮਾਇਕਾ ਦੀਆਂ ਸ਼ੇਲੀ ਅਨ ਫਰੇਜ਼ਰ, ਕੈਂਪਬੈਲ ਤੇ ਆਪਣੀ ਹਮਵਤਨਣ ਕਰਮਿਲੇਤਾ ਜੀਟਰ ਵੱਲੋਂ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਮੱਲਣ ਕਾਰਨ ਉਹ ਚੌਥਾ ਤਗਮਾ ਜਿੱਤਣ ਤੋਂ ਖੁੰਝ ਗਈ। ਰੀਓ ਓਲੰਪਿਕ ’ਚ ਉਸ ਨੇ ਚੋਣਕਾਰਾਂ ਦੇ ਫ਼ੈਸਲੇ ’ਤੇ ਖਰੀ ਉਤਰਦਿਆਂ 4 ਗੁਣਾ 100 ਤੇ 4 ਗੁਣਾ 400 ਮੀਟਰ ਰੀਲੇਅ ਦੌੜਾਂ ’ਚ ਸੋਨ ਤਗਮੇ ਤੇ ਚਾਰ ਸੌ ਮੀਟਰ ’ਚ ਚਾਂਦੀ ਦਾ ਮੈਡਲ ਜਿੱਤ ਕੇ ਆਪਣੇ ਓਲੰਪਿਕ ਤਗਮਿਆਂ ਦੀ ਗਿਣਤੀ 9 ਕੀਤੀ।

ਰੀਓ ਓਲੰਪਿਕ ਖੇਡਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਮਰ ਦੇ ਖ਼ਿਆਲ ਕਾਰਨ ਉਹ ਟਰੈਕ ਨੂੰ ਅਲਵਿਦਾ ਜ਼ਰੂਰ ਕਹੇਗੀ ਪਰ ਦੋਹਾ ਵਿਸ਼ਵ ਅਥਲੈਟਿਕਸ ਮੀਟ ’ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਸ ਨੇ ਟੋਕੀਓ ਓਲੰਪਿਕ ’ਚ ਕਰੀਅਰ ਦਾ 10ਵਾਂ ਤੇ 11ਵਾਂ ਮੈਡਲ 4 ਗੁਣਾ 400 ਮੀਟਰ ਰਿਲੇਅ ਰੇਸ ਤੇ 200 ਮੀਟਰ ਦੌੜ ’ਚ ਹਾਸਲ ਕੀਤਾ ਹੈ। ਲਗਾਤਾਰ ਨੌਵਾਂ ਸੰਸਾਰ ਅਥਲੈਟਿਕਸ ਮੁਕਾਬਲਾ ਖੇਡਣ ਵਾਲੀ ਮਿਚੇਲ ਦਾ ਇਹ 12ਵਾਂ ਗੋਲਡ ਮੈਡਲ ਸੀ। ਮਾਂ ਬਣਨ ਤੋਂ ਇਲਾਵਾ 13ਵਾਂ ਗੋਲਡ ਮੈਡਲ ਜਿੱਤਣ ਵਾਲੀ ਪੁਰਸ਼ ਤੇ ਮਹਿਲਾ ਵਰਗ ’ਚ ਕੁੱਲ ਦੁਨੀਆ ਦੀ ਉਹ ਇਕਲੌਤੀ ਖਿਡਾਰਨ ਹੈ। ਉਸ ਨੇ ਵਿਸ਼ਵ ਅਥਲੈਟਿਕਸ ਮੁਕਾਬਲੇ ’ਚ 12ਵਾਂ ਗੋਲਡ ਮੈਡਲ ਜਿੱਤਣ ਦਾ ਕੀਰਤੀਮਾਨ ਸਥਾਪਤ ਕਰ ਕੇ ਜਮਾਇਕਨ ਸਪਰਿੰਟਰ ਓਸੇਨ ਬੋਲਟ ਦੇ 11 ਗੋਲਡ ਮੈਡਲਾਂ ਦੇ ਰਿਕਾਰਡ ਨੂੰ ਤੋੜਿਆ ਹੈ।

ਦੋਹਾ ’ਚ 12ਵਾਂ ਗੋਲਡ ਮੈਡਲ ਆਪਣੇ ਗਲੇ ਦਾ ਸ਼ਿੰਗਾਰ ਬਣਾਉਣ ਵਾਲੀ ਮਿਚੇਲ ਨੇ ਲੰਡਨ-2015 ਦੀ ਆਲਮੀ ਅਥਲੈਟਿਕਸ ਚੈਂਪੀਅਨਸ਼ਿਪ ’ਚ ਓਸੇਨ ਬੋਲਟ ਦੇ 11 ਗੋਲਡ ਮੈਡਲਾਂ ਦੀ ਬਰਾਬਰੀ ਕੀਤੀ ਸੀ। ਦੋਹਾ ਮੀਟ ’ਚ ਮਿਚੇਲ ਫੀਲਿਕਸ ਨੇ 4 ਗੁਣਾ 400 ਐਲੀਸਨ ਮੀਟਰ ਮਹਿਲਾ ਰਿਲੇਅ ’ਚ ਦੂਜਾ ਸੋਨ ਤਗਮਾ ਹਾਸਲ ਕਰ ਕੇ ਵਿਸ਼ਵ ਅਥਲੈਟਿਕਸ ਮੁਕਾਬਲਿਆਂ ’ਚ 13ਵਾਂ ਗੋਲਡ ਮੈਡਲ ਹਾਸਲ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਮਹਿਲਾ ਵਰਗ ਦੇ ਵਿਸ਼ਵ-ਵਿਆਪੀ ਅਥਲੈਟਿਕਸ ਮੁਕਾਬਲਿਆਂ ’ਚ ਗੋਲਡ, 8 ਸਿਲਵਰ ਅਤੇ 3 ਤਾਂਬੇ ਦੇ ਤਗਮੇ ਜਿੱਤਣ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੀ ਫੀਲਿਕਸ ਮਿਚੇਲ ਪਹਿਲੀ ਮਹਿਲਾ ਓਲੰਪੀਅਨ ਦੌੜਾਕ ਹੈ, ਜਿਸ ਨੂੰ ਓਲੰਪਿਕ ’ਚ ਰਿਕਾਰਡ 7 ਗੋਲਡ ਮੈਡਲ ਜਿੱਤਣ ਦਾ ਹੱਕ ਹਾਸਲ ਹੋਇਆ।

ਰੀਓ ਓਲੰਪਿਕ ’ਚ ਤਿੰਨ ਮੈਡਲ ਜਿੱਤਣ ਸਦਕਾ ਮਿਚੇਲ ਫੀਲਿਕਸ ਨੇ ਟਰੈਕ ਦੀ ਮਲਕਾ ਵਜੋਂ ਜਾਣੀ ਜਾਂਦੀ ਜਮਾਇਕਨ ਅਥਲੀਟ ਮੇਰਲੀਨ ਓਟੀ ਵੱਲੋਂ ਓਲੰਪਿਕ ਗੇਮਜ਼ ’ਚ ਹਾਸਲ ਕੀਤੇ 9 ਤਗਮਿਆਂ ਦੀ ਬਰਾਬਰੀ ਕੀਤੀ। ਅਫਰੀਕਨ ਦੇਸ਼ ਦੀ 5 ਫੁੱਟ 11 ਇੰਚ ਲੰਮੀ ਅਥਲੀਟ ਮਿਰਲੇਨ ਓਟੀ ਨੂੰ ਆਪਣੇ ਓਲੰਪਿਕ ਕਰੀਅਰ ’ਚ 3 ਸਿਲਵਰ ਤੇ 6 ਤਾਂਬੇ ਦੇ ਤਗਮੇ ਜਿੱਤਣ ਲਈ 7 ਓਲੰਪਿਕ ਟੂਰਨਾਮੈਂਟ ਖੇਡਣੇ ਪਏ ਜਦੋਂਕਿ ਮਿਚੇਲ ਫੀਲਿਕਸ ਨੇ 5 ਓਲੰਪਿਕ ਮੁਕਾਬਲਿਆਂ ’ਚ 7 ਗੋਲਡ, 3 ਸਿਲਵਰ ਤੇ 1 ਤਾਂਬੇ ਦਾ ਭਾਵ ਕੁੱਲ 11 ਓਲਪਿਕ ਮੈਡਲ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ।

ਜਮਾਇਕਾ ਤੋਂ ਬਾਅਦ 2003 ’ਚ ਸਲੋਵੇਨੀਆ ਵੱਲੋਂ ਮੈਦਾਨ ’ਚ ਉਤਰਨ ਵਾਲੀ ਮਿਰਲੇਨ ਓਟੀ ਨੇ ਕੁੱਲ ਮਿਲਾ ਕੇ ਜਿੱਥੇ 30 ਮੈਡਲ, ਜਿਨ੍ਹਾਂ ’ਚ 6 ਗੋਲਡ, 9 ਸਿਲਵਰ ਤੇ 15 ਤਾਂਬੇ ਦੇ ਹਾਸਲ ਕੀਤੇ, ਉੱਥੇ ਅਮਰੀਕਨ ਅਥਲੀਟ ਮਿਚੇਲ ਨੂੰ ਕੌਮਾਂਤਰੀ ਪੱਧਰ ’ਤੇ 40 ਤਗਮੇ, ਜਿਨ੍ਹਾਂ ’ਚ 27 ਗੋਲਡ, 8 ਸਿਲਵਰ ਤੇ 5 ਤਾਂਬੇ ਦੇ ਸਨ, ਜਿੱਤਣ ਦਾ ਰੁਤਬਾ ਹਾਸਲ ਹੋਇਆ ਹੈ।

ਲਿਓ ਹੌਂਗ ਨੇ ਮਾਂ ਬਣਨ ਤੋਂ ਬਾਅਦ ਜਿੱਤਿਆ ਓਲੰਪਿਕ ਮੈਡਲ

ਦੋਹਾ-2019 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਤੋਂ ਬਾਅਦ ਚੀਨ ਦੀ 20 ਕਿਲੋਮੀਟਰ ਰੇਸ ਵਾਕ ਮਹਿਲਾ ਅਥਲੀਟ ਲਿਓ ਹੌਂਗ ਨੇ ਟੋਕੀਓ ਓਲੰਪਿਕ ’ਚ ਇਸੇ ਈਵੈਂਟ ’ਚ ਤਾਂਬੇ ਦੇ ਤਗਮੇ ’ਤੇ ਕਬਜ਼ਾ ਕੀਤਾ ਹੈ। ਰੀਓ-2016 ਓਲੰਪਿਕ ’ਚ ਇਸੇ ਈਵੈਂਟ ’ਚ ਓਲੰਪਿਕ ਚੈਂਪੀਅਨ ਅਥਲੀਟ ਲਿਓ ਹੌਂਗ ਨੇ ਸੋਨ ਤਗਮਾ ਹਾਸਲ ਕੀਤਾ ਸੀ।

ਲਿਓ ਹੌਂਗ ਨੇ ਦੋਹਾ-2019 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਇਹ ਪ੍ਰਾਪਤੀ ਬੱਚੇ ਨੂੰ ਜਨਮ ਦੇਣ ਤੋਂ ਇਕ ਸਾਲ 10 ਮਹੀਨੇ ਬਾਅਦ ਦਰਜ ਕੀਤੀ ਸੀ ਪਰ ਹੁਣ ਉਹ ਟੋਕੀਓ-2020 ’ਚ ਓਲੰਪਿਕ ਤਗਮਾ ਜੇਤੂ ਬੱਚੇ ਦੀ ਮਾਂ ਬਣ ਗਈ ਹੈ। ਗੌਰਤਲਬ ਹੈ ਕਿ ਲਿਓ ਹੌਂਗ ਨੇ 20 ਨਵੰਬਰ 2017 ’ਚ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੱਤਾ ਸੀ। ਇਹ ਲਿਓ ਹੌਂਗ ਦਾ ਸਿਰੜੀਪੁਣਾ ਹੀ ਸੀ ਕਿ ਬੱਚਾ ਪੈਦਾ ਕਰਨ ਤੋਂ ਛੇ ਮਹੀਨੇ ਬਾਅਦ ਹੀ ਉਸ ਨੇ ਟਰੈਕ ’ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ।

ਜਣੇਪਾ ਹੋਣ ਤੋਂ ਬਾਅਦ ਲਿਓ ਹੌਂਗ ਦਾ ਵਜ਼ਨ 70 ਕਿੱਲੋ ਹੋ ਗਿਆ ਸੀ। ਇਸ ਦੌਰਾਨ ਉਸ ਨੇ ਵਜ਼ਨ ’ਤੇ ਕਾਬੂ ਪਾਉਣ ਲਈ ਟਰੈਕ ’ਤੇ ਵਾਪਸੀ ਕਰਨ ’ਚ ਹੀ ਭਲਾ ਸਮਝਿਆ। ਇਸ ਦੌਰਾਨ ਉਸ ਦੇ ਮਨ ’ਚ ਦੋਹਾ ਵਿਸ਼ਵ ਚੈਂਪੀਅਨਸ਼ਿਪ ਅਤੇ ਟੋਕੀਓ-2020 ਦੀਆਂ ਓਲੰਪਿਕ ਖੇਡਾਂ ’ਚ ਚੈਂਪੀਅਨ ਬਣਨ ਦਾ ਚੱਕਰ ਚਲਦਾ ਰਿਹਾ। ਦੋਹਾ ਆਲਮੀ ਖੇਡ ਮੇਲੇ ’ਚ ਉਸ ਨੇ ਸੋਨ ਤਗਮਾ ਜਿੱਤ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ ਪਰ ਹੁਣ ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਮੈਡਲ ਜਿੱਤਣ ਦੀ ਮੰਜ਼ਲ ਸਰ ਕਰ ਲਈ ਗਈ ਹੈ।

32 ਸਾਲਾ ਲਿਓ ਹੌਂਗ ਨੇ ਰੀਓ-2016 ਓਲੰਪਿਕ ’ਚ ਵੀ ਇਸੇ ਈਵੈਂਟ 20 ਕਿਲੋਮੀਟਰ ਰੇਸ ਵਾਕ ’ਚ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ ਸੀ। ਬੀਜਿੰਗ ਓਲੰਪਿਕ ’ਚ 20 ਕਿਲੋਮੀਟਰ ਵਾਰ ਰੇਸ ’ਚ ਚੌਥਾ ਸਥਾਨ ਹਾਸਲ ਕਰਨ ਵਾਲੀ ਲਿਓ ਹੌਂਗ ਦਾ ਜਨਮ 12 ਮਈ 1987 ਨੂੰ ਹੋਇਆ।

ਲੰਡਨ-2012 ਓਲੰਪਿਕ ’ਚ 20 ਕਿਲੋਮੀਟਰ ਵਾਕ ਰੇਸ ’ਚ ਤਾਂਬੇ ਦਾ ਤਗਮਾ ਹਾਸਲ ਕਰਨ ਵਾਲੀ ਲਿਓ ਹੌਂਗ ਨੇ ਏਸ਼ਿਆਈ ਖੇਡਾਂ ਦੋਹਾ-2006 ਤੇ ਗੁਆਂਗਜ਼ੂ-2010 ’ਚ 20 ਕਿਲੋਮੀਟਰ ਵਾਕ ਰੇਸ ’ਚ ਸੋਨ ਤਗਮੇ ਹਾਸਲ ਕਰ ਕੇ

ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਸੀ। ਉਸ ਦੀ ਅੱਖ ਹੁਣ ਪੈਰਿਸ- 2024 ਓਲੰਪਿਕ ਮੁਕਾਬਲੇ ’ਤੇ ਹੈ, ਜਿਸ ’ਚ ਉਹ ਰੀਓ ਓਲੰਪਿਕ ਵਾਂਗ ਗੋਲਡ ਮੈਡਲ ਜਿੱਤਣ ਸਦਕਾ ਫਲੀਟ ਕਿੱਲੀ ’ਤੇ ਟੰਗੇਗੀ।

ਦੁਨੀਆ ਦੀ ਘੱਟ ਆਬਾਦੀ ਵਾਲੇ ਦੇਸ਼ ਬਰਮੁੱਡਾ ਨੇ ਜਿੱਤਿਆ ਸੋਨ ਤਗਮਾ

ਟੋਕੀਓ-2020 ਓਲੰਪਿਕ ’ਚ ਬਰਮੁੱਡਾ ਦੁਨੀਆ ਦਾ ਪਲੇਠਾ ਮੁਲਕ ਨਾਮਜ਼ਦ ਹੋਇਆ ਹੈ, ਜਿਸ ਦੀ ਮਹਿਲਾ ਅਥਲੀਟ ਫਲੋਰਾ ਡੱਫੀ ਨੇ ਟਰਾਈਥਲੋਨ ’ਚ ਗੋਲਡ ਮੈਡਲ ਹਾਸਲ ਕਰ ਕੇ ਅਥਲੈਟਿਕਸ ਦੇ ਹਲਕਿਆਂ ਦੇ ਚਿਹਰਿਆਂ ’ਤੇ ਤੌਣੀਆਂ ਲਿਆਉਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਓਲੰਪਿਕ ਖੇਡਾਂ ’ਚ ਲਗਾਤਾਰ ਹਿੱਸਾ ਲੈਣ ਵਾਲੇ ਮੁਲਕ ਦੇ ਭਲਵਾਨ ਕਲੇਰੈਂਸ ਹਿੱਲ ਨੇ ਮਾਂਟੀਰੀਅਲ-1976 ’ਚ ਹੈਵੀਵੇਟ ਰੈਸਿਗ ’ਚ ਤਾਂਬੇ ਦਾ ਤਗਮਾ ਜਿੱਤਣ ਦਾ ਆਗ਼ਾਜ਼ ਕੀਤਾ ਸੀ। ਟੋਕੀਓ ਓਲੰਪਿਕ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਣ ਵਾਲਾ ਬਰਮੁੱਡਾ ਦੁਨੀਆ ਦਾ ਪਹਿਲਾ ਛੋਟਾ ਦੇਸ਼ ਨਾਮਜ਼ਦ ਹੋਇਆ ਹੈ, ਜਿਸ ਦੀ ਆਬਾਦੀ ਮਹਿਜ਼ ਸਿਰਫ 64,000 ਦੇ ਕਰੀਬ ਹੈ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi