ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਪਿਛਲੇ ਕੁਝ ਸਮੇਂ ਤੋਂ ਕੌਮਾਂਤਰੀ ਮੈਚਾਂ 'ਚ ਮਿਲ ਰਹੇ ਮੌਕਿਆਂ ਨੂੰ ਹਾਂ-ਪੱਖੀ ਪਹਿਲ ਦੱਸਦੇ ਹੋਏ ਕੋਚ ਮੇਮੋਲ ਰਾਕੀ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਦਾ ਫਿੱਟਨੈੱਸ ਲੈਵਲ ਬਣਿਆ ਰਹਿੰਦਾ ਹੈ। ਭਾਰਤੀ ਟੀਮ ਅਗਲੇ ਮਹੀਨੇ ਦੋ ਫੀਫਾ ਕੌਮਾਂਤਰੀ ਦੋਸਤਾਨਾ ਮੁਕਾਬਲਿਆਂ 'ਚ ਵਿਅਤਨਾਮ ਨਾਲ ਭਿੜੇਗੀ। ਵਿਅਤਨਾਮ ਖ਼ਿਲਾਫ਼ ਮੈਚ ਦੀਆਂ ਤਿਆਰੀਆਂ ਲਈ ਟੀਮ ਸਿਖਲਾਈ ਕੈਂਪ ਲਈ ਨਵੀਂ ਦਿੱਲੀ ਪਹੁੰਚੀ ਹੈ। ਕੈਂਪ ਦੇ ਪਹਿਲੇ ਦਿਨ ਮੇਮੋਲ ਰਾਕੀ ਨੇ ਕਿਹਾ, 'ਅਸੀਂ ਲਗਤਾਰ ਕੁਝ ਵਕਫੇ ਤੋਂ ਬਾਅਦ ਟੂਰਨਾਮੈਂਟ ਤੇ ਕੌਮਾਂਤਰੀ ਮੁਕਾਬਲਿਆਂ 'ਚ ਖੇਡ ਰਹੇ ਹਾਂ। ਲਗਪਗ ਹਰ ਮਹੀਨੇ ਟੀਮ ਦਾ ਕੈਂਪ ਲੱਗਦਾ ਹੈ ਤੇ ਇਹ ਖਿਡਾਰੀਆਂ ਦੇ ਫਿੱਟਨੈੱਸ ਲੈਵਲ ਨੂੰ ਵਧਾਉਣ 'ਚ ਮਦਦ ਕਰਦਾ ਹੈ।'

ਭਾਰਤੀ ਮਹਿਲਾ ਟੀਮ ਲਈ ਇਹ ਸਾਲ ਕਾਫੀ ਰੁਝੇਵਿਆਂ ਵਾਲਾ ਰਿਹਾ ਹੈ ਜਿੱਥੇ ਉਸ ਨੇ ਹੀਰੋ ਗੋਲਡ ਕੱਪ, ਸੈਫ ਚੈਂਪੀਅਨਸ਼ਿਪ, ਏਐੱਫਸੀ ਓਲੰਪਿਕ ਕਵਾਲੀਫਾਇਰਸ 'ਚ ਹਿੱਸਾ ਲੈਣ ਤੋਂ ਇਲਾਵਾ ਤੁਰਕੀ, ਸਪੇਨ, (ਕੋਟਿਫ ਕੱਪ) ਤੇ ਉਜਬੇਕਿਸਤਾਨ (ਦੋਸਤਾਨਾ ਮੁਕਾਬਲੇ) ਦਾ ਦੌਰਾ ਕੀਤਾ ਹੈ। ਮੇਮੋਲ ਨੇ ਕਿਹਾ ਕਿ ਟੀਮ ਨੂੰ ਵਿਅਤਨਾਮ ਤੋਂ ਸਖ਼ਤ ਚੁਣੌਤੀ ਮਿਲੇਗੀ। ਉਨ੍ਹਾਂ ਕਿਹਾ, 'ਵਿਅਤਨਾਮ ਦੀ ਟੀਮ ਕਾਫੀ ਮਜਬੂਤ ਹੈ ਤੇ ਅਜਿਹੀਆਂ ਟੀਮਾਂ ਨਾਲ ਖੇਡਣ ਨਾਲ ਸਾਡੀ ਟੀਮ ਦਾ ਚੰਗਾ ਵਿਕਾਸ ਹੋਵੇਗਾ। ਅਸੀਂ ਇਸ ਚੁਣੌਤੀ ਲਈ ਤਿਆਰ ਹਾਂ ਤੇ ਇਨ੍ਹਾਂ ਦੋ ਮੈਚਾਂ 'ਚ ਆਪਣੇ ਸਰਬਉੱਤਮ ਪ੍ਰਦਰਸ਼ਨ ਕਰਾਂਗੇ।' ਭਾਰਤੀ ਕੋਚ ਨੇ ਮਹਿਲਾ ਫੁੱਟਬਾਲ ਦੀ ਵੱਧਦੀ ਪ੍ਰਸਿੱਧੀ 'ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ 2020 ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਭਾਰਤ 'ਚ ਹੋਣ ਨਾਲ ਇਸ ਖੇਡ ਨੂੰ ਹੋਰ ਜ਼ਿਆਦਾ ਲੋਕਪਿ੍ਰਯਤਾ ਮਿਲੇਗੀ। ਉਨ੍ਹਾਂ ਕਿਹਾ, 'ਮੈਂ ਕਾਫੀ ਖ਼ੁਸ਼ ਹਾਂ ਕਿ ਅਸੀਂ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਾਂਗੇ। ਜਦੋਂ ਇੱਥੇ ਵਿਸ਼ਵ ਕੱਪ ਹੋਵੇਗਾ, ਉਦੋਂ ਤਕ ਮਹਿਲਾ ਫੁੱਟਬਾਲ ਬਾਰੇ ਜਾਗਰੂਕਤਾ ਤੇਜ਼ੀ ਨਾਲ ਵਧੇਗੀ।'