ਨਵੀਂ ਦਿੱਲੀ (ਪੀਟੀਆਈ) : ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਨੇ ਕੋਵਿਡ-19 ਮਹਾਮਾਰੀ ਕਾਰਨ ਭਾਰਤ ਵਿਚ ਖੇਡੇ ਜਾਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ 2022 ਦੀ ਮੇਜ਼ਬਾਨੀ ਦਾ ਅਧਿਕਾਰ ਸੌਂਪ ਦਿੱਤਾ। ਕੋਰੋਨਾ ਵਾਇਰਸ ਕਾਰਨ ਇਸ ਟੂਰਨਾਮੈਂਟ ਨੂੰ 2021 ਲਈ ਮੁਲਤਵੀ ਕੀਤਾ ਗਿਆ ਸੀ। ਇਹ ਫ਼ੈਸਲਾ ਫੀਫਾ ਕੌਂਸਲ ਦੇ ਉਸ ਬਿਊਰੋ ਵੱਲੋਂ ਲਿਆ ਗਿਆ ਜਿਸ ਨੇ ਮੌਜੂਦਾ ਕੋਵਿਡ-19 ਮਹਾਮਾਰੀ ਦੇ ਵਿਸ਼ਵ ਪੱਧਰੀ ਫੁੱਟਬਾਲ 'ਤੇ ਪੈ ਰਹੇ ਅਸਰ ਦਾ ਮੁਲਾਂਕਣ ਕੀਤਾ। ਫੀਫਾ ਮੁਤਾਬਕ ਇਨ੍ਹਾਂ ਟੂਰਨਾਮੈਂਟਾਂ (ਅੰਡਰ-17 ਮਹਿਲਾ ਤੇ ਅੰਡਰ-20 ਮਹਿਲਾ ਵਿਸ਼ਵ ਕੱਪ) ਨੂੰ ਅੱਗੇ ਮੁਲਤਵੀ ਕਰਨ ਵਿਚ ਅਸਮਰੱਥ ਹੋਣ ਕਾਰਨ ਕੋਵਿਡ-19 ਲਈ ਬਣੇ ਫੀਫਾ ਕਨਫੈਡਰੇਸ਼ਨ ਕਾਰਜ ਸਮੂਹ ਦੀਆਂ ਸਿਫ਼ਾਰਸ਼ਾਂ 'ਤੇ ਦੋਵਾਂ ਉਮਰ ਵਰਗ ਦੇ 2020 ਗੇੜ ਨੂੰ ਰੱਦ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਅਗਲੇ ਟੂਰਨਾਮੈਂਟ ਦਾ ਹੱਕ ਦਿੱਤਾ ਗਿਆ। ਫੀਫਾ-ਕਨਫੈਡਰੇਸ਼ਨ ਕੋਵਿਡ-19 ਕਾਰਜ ਕਮੂਹ ਨੇ ਸਾਰੇ ਹਿਤਧਾਰਕਾਂ ਤੋਂ ਸਲਾਹ ਲੈਣ ਤੋਂ ਬਾਅਦ ਅੰਡਰ-17 ਮਹਿਲਾ ਵਿਸ਼ਵ ਕੱਪ ਨਾਲ ਹੀ ਅੰਡਰ-20 ਮਹਿਲਾ ਵਿਸ਼ਵ ਕੱਪ 2020 ਨੂੰ ਵੀ ਰੱਦ ਕਰ ਦਿੱਤਾ। ਦੋਵੇਂ ਵਿਸ਼ਵ ਕੱਪ ਟੂਰਨਾਮੈਂਟ 2022 ਵਿਚ ਹੋਣਗੇ ਜਿਸ ਦੀ ਮੇਜ਼ਬਾਨੀ ਮੌਜੂਦਾ ਮੇਜ਼ਬਾਨ ਦੇਸ਼ਾਂ ਕੋਲ ਰਹੇਗੀ।

ਨਵੰਬਰ ਕਰਵਾਇਆ ਜਾਣਾ ਸੀ ਟੂਰਨਾਮੈਂਟ

ਟੂਰਨਾਮੈਂਟ ਦੇ 2022 ਐਡੀਸ਼ਨ ਬਾਰੇ ਫੀਫਾ ਤੇ ਸਬੰਧਤ ਮੇਜ਼ਬਾਨ ਮੈਂਬਰ ਸੰਘਾਂ ਨਾਲ ਅੱਗੇ ਦੀ ਸਲਾਹ ਤੋਂ ਬਾਅਦ ਬਿਊਰੋ ਨੇ ਕੋਸਟਾ ਰਿਕਾ ਨੂੰ ਫੀਫਾ ਅੰਡਰ-20 ਮਹਿਲਾ ਵਿਸ਼ਵ ਕੱਪ 2022 ਤੇ ਭਾਰਤ ਨੂੰ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ 2022 ਦੀ ਮੇਜ਼ਬਾਨੀ ਸੌਂਪੀ ਹੈ। ਇਸ ਤੋਂ ਪਹਿਲਾਂ ਭਾਰਤ ਵਿਚ ਇਹ ਵਿਸ਼ਵ ਕੱਪ ਇਸ ਸਾਲ ਨਵੰਬਰ ਵਿਚ ਹੋਣਾ ਸੀ ਪਰ ਕੋਵਿਡ-19 ਕਾਰਨ ਉਸ ਨੂੰ ਅਗਲੇ ਸਾਲ (2021) ਫਰਵਰੀ-ਮਾਰਚ ਲਈ ਮੁਲਤਵੀ ਕਰ ਦਿੱਤਾ ਗਿਆ ਸੀ।