ਕ੍ਰੇਫੇਲਡ (ਪੀਟੀਆਈ) : ਨੌਜਵਾਨ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਦੇ ਇਕ ਮਿੰਟ ਅੰਦਰ ਕੀਤੇ ਗਏ ਦੋ ਗੋਲਾਂ ਨਾਲ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਰਦ ਹਾਕੀ ਟੀਮ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬਾਅਦ ਮੈਦਾਨ 'ਤੇ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਜਰਮਨੀ ਨੂੰ 6-1 ਨਾਲ ਕਰਾਰੀ ਮਾਤ ਦਿੱਤੀ। ਭਾਰਤ ਲਈ ਵਿਵੇਕ (27ਵੇਂ ਤੇ 28ਵੇਂ ਮਿੰਟ) ਤੋਂ ਇਲਾਵਾ, ਨੀਲਕਾਂਤ ਸ਼ਰਮਾ (13ਵੇਂ ਮਿੰਟ), ਲਲਿਤ ਕੁਮਾਰ ਉਪਾਧਿਆਇ (41ਵੇਂ ਮਿੰਟ), ਆਕਾਸ਼ਦੀਪ ਸਿੰਘ (42ਵੇਂ ਮਿੰਟ) ਤੇ ਹਰਮਨਪ੍ਰਰੀਤ ਸਿੰਘ (47ਵੇਂ ਮਿੰਟ) ਨੇ ਗੋਲ ਕੀਤੇ। ਲੰਬੇ ਸਮੇਂ ਤੋਂ ਬਾਅਦ ਮੈਦਾਨ 'ਤੇ ਉਤਰੀ ਭਾਰਤੀ ਟੀਮ ਨੇ ਮੁਕਾਬਲੇ ਦੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਸਹਾਰਾ ਲੈ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ ਜਿਸ ਨਾਲ ਜਰਮਨੀ ਦੀ ਟੀਮ ਦਬਾਅ ਵਿਚ ਆ ਗਈ।

ਮਹਿਲਾ ਹਾਕੀ ਟੀਮ ਹਾਰੀ

ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੇ ਮੈਚ ਦੀ ਤੁਲਨਾ ਵਿਚ ਬਿਹਤਰ ਖੇਡ ਦਿਖਾਈ ਪਰ ਉਸ ਨੂੰ ਜਰਮਨੀ ਖ਼ਿਲਾਫ਼ ਦੂਜੇ ਮੈਚ ਵਿਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੈਚ ਵਿਚ 5-0 ਨਾਲ ਜਿੱਤ ਦਰਜ ਕਰਨ ਵਾਲੇ ਜਰਮਨੀ ਨੇ ਇਸ ਤਰ੍ਹਾਂ ਚਾਰ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਬੜ੍ਹਤ ਬਣਾ ਲਈ। ਜਰਮਨੀ ਵੱਲੋਂ ਮੁਕਾਬਲੇ ਦਾ ਇੱਕੋ ਇਕ ਗੋਲ ਅਮੇਲੀ ਵਾਰਟਮੈਨ ਨੇ 24ਵੇਂ ਮਿੰਟ ਵਿਚ ਕੀਤਾ।