ਉਮੀਦਾਂ-2020

ਸਾਲ 2019 ਬੀਤ ਗਿਆ ਤੇ ਨਵੇਂ ਸਾਲ 2020 ਦੇ ਆਗਮਨ ਨਾਲ ਹੀ ਨਵੀਆਂ ਉਮੀਦਾਂ ਜਾਗਣ ਲੱਗੀਆਂ ਹਨ ਪਰ ਇਸ ਨਾਲ ਹੀ ਨਵੀਆਂ ਚੁਣੌਤੀਆਂ ਵੀ ਦੋਵੇਂ ਹੱਥ ਖੋਲ੍ਹ ਕੇ ਉਡੀਕ ਕਰ ਰਹੀਆਂ ਹਨ। ਇਸ ਨਵੇਂ ਸਾਲ ਵਿਚ ਖੇਡਾਂ ਦੀ ਦੁਨੀਆ ਵਿਚ ਬਹੁਤ ਕੁਝ ਹੋਵੇਗਾ। ਸਾਰੀਆਂ ਖੇਡਾਂ ਦੇ ਖਿਡਾਰੀ ਇਸ ਸਾਲ ਜੋਸ਼ ਤੇ ਜਨੂਨ ਨਾਲ ਨਵੇਂ ਮੁਕਾਮ ਹਾਸਲ ਕਰਨਗੇ। ਕ੍ਰਿਕਟ ਤੋਂ ਲੈ ਕੇ ਫੁੱਟਬਾਲ ਤਕ, ਕਈ ਖੇਡਾਂ ਦੇ ਵੱਡੇ ਟੂਰਨਾਮੈਂਟਾਂ ਨਾਲ ਖੇਡ ਜਗਤ ਦਾ ਸਭ ਤੋਂ ਵੱਡਾ ਮੰਚ ਓਲੰਪਿਕ ਵੀ ਦਸਤਕ ਦੇ ਰਿਹਾ ਹੈ। ਇਸ ਕਾਰਨ ਭਾਰਤੀ ਖਿਡਾਰੀਆਂ ਲਈ ਇਹ ਸਾਲ ਉਮੀਦਾਂ ਦਾ ਸਾਲ ਹੈ।

ਟੀ-20 ਵਿਸ਼ਵ ਕੱਪ 2020 :

ਇਸ ਸਾਲ ਟੀ-20 ਵਿਸ਼ਵ ਕੱਪ ਹੋਣ ਜਾ ਰਿਹਾ ਹੈ ਜੋ 2020 ਦਾ ਸਭ ਤੋਂ ਵੱਡਾ ਕ੍ਰਿਕਟ ਦਾ ਟੂਰਨਾਮੈਂਟ ਹੋਵੇਗਾ। ਇਹ ਆਸਟ੍ਰੇਲੀਆ ਵਿਚ ਹੋਵੇਗਾ। ਭਾਰਤੀ ਟੀਮ 2016 ਵਿਚ ਇਹ ਖ਼ਿਤਾਬ ਜਿੱਤਣ ਤੋਂ ਖੁੰਝ ਗਈ ਸੀ ਤੇ ਸੈਮੀਫਾਈਨਲ 'ਚੋਂ ਬਾਹਰ ਹੋ ਗਈ ਸੀ। ਇਸ ਕਾਰਨ ਕਪਤਾਨ ਵਿਰਾਟ ਕੋਹਲੀ ਕੋਲ ਪਹਿਲੀ ਵਾਰ ਆਈਸੀਸੀ ਟਰਾਫੀ ਜਿੱਤਣ ਦਾ ਵੱਡਾ ਮੌਕਾ ਹੋਵੇਗਾ।

ਆਸਟ੍ਰੇਲੀਆ ਵਿਚ ਇਸ ਦੀ ਤਿਆਰੀ ਜ਼ੋਰਾਂ 'ਤੇ ਹੈ ਤੇ ਹੁਣ ਤੋਂ ਹੀ ਸਾਰੀਆਂ ਟੀਮਾਂ ਇਸ ਦੀ ਤਿਆਰੀ ਵਿਚ ਲੱਗੀਆਂ ਹਨ। ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਖੇਡਿਆ ਜਾਵੇਗਾ। ਕੁੱਲ 16 ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ ਜਿਨ੍ਹਾਂ ਵਿਚਾਲੇ 45 ਟੀ-20 ਮੈਚ ਖੇਡੇ ਜਾਣਗੇ। ਮਹਿਲਾ ਟੀ-20 ਵਿਸ਼ਵ ਕੱਪ ਵੀ ਆਸਟ੍ਰੇਲੀਆ ਵਿਚ 21 ਫਰਵਰੀ ਤੋਂ ਅੱਠ ਮਾਰਚ ਤਕ ਹੋਵੇਗਾ ਜਿਸ ਵਿਚ ਭਾਰਤੀ ਮਹਿਲਾ ਟੀਮ 'ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਖ਼ਿਤਾਬ ਜਿੱਤਣ ਦੀ ਜ਼ਿੰਮੇਵਾਰੀ ਹੋਵੇਗੀ।

ਟੋਕੀਓ ਓਲੰਪਿਕ :

ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਇਸ ਸਾਲ ਓਲਪਿੰਕ ਖੇਡਾਂ ਹੋਣਗੀਆਂ। ਪਿਛਲੇ ਓਲੰਪਿਕ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਤੇ ਸਿਰਫ਼ ਦੋ ਹੀ ਮੈਡਲ ਆ ਸਕੇ ਸਨ ਪਰ ਹੁਣ ਭਾਰਤੀ ਖਿਡਾਰੀਆਂ ਕੋਲ ਪਿਛਲੀਆਂ ਗ਼ਲਤੀਆਂ ਤੋਂ ਸਿੱਖਣ ਦਾ ਮੌਕਾ ਹੋਵੇਗਾ। ਦਿੱਗਜ ਖਿਡਾਰੀ ਜਿੱਥੇ ਆਪਣੇ ਤਜਰਬੇ ਨੂੰ ਅਜ਼ਮਾਉਣਗੇ ਉਥੇ ਨੌਜਵਾਨਾਂ ਤੋਂ ਓਲੰਪਿਕ ਵਿਚ ਮੈਡਲ ਦੀਆਂ ਵੱਡੀਆਂ ਉਮੀਦਾਂ ਹਨ। ਓਲੰਪਿਕ 2020 ਵਿਚ ਤਕਰੀਬਨ 206 ਦੇਸ਼ ਹਿੱਸਾ ਲੈਣਗੇ। ਇਸ ਵਿਚ 11, 091 ਅਥਲੀਟ ਮੌਜੂਦ ਰਹਿਣਗੇ ਤੇ ਆਪਣੀ ਯੋਗਤਾ ਤੇ ਦਮ ਦਿਖਾਉਣਗੇ। ਕੁੱਲ 33 ਖੇਡਾਂ ਦੇ 339 ਮੁਕਾਬਲਿਆਂ ਵਿਚ ਸਾਰੇ ਦੇਸ਼ਾਂ ਦੇ ਅਥਲੀਟ ਆਪਣਾ ਜਲਵਾ ਦਿਖਾਉਣਗੇ। ਓਲੰਪਿਕ 2020 ਦਾ ਆਗਾਜ਼ 24 ਜੁਲਾਈ ਤੋਂ ਨੌਂ ਅਗਸਤ ਵਿਚਾਲੇ ਹੋਵੇਗਾ। ਓਲੰਪਿਕ ਲਈ ਟੋਕੀਓ ਦਾ ਨਿਊ ਨੈਸ਼ਨਲ ਸਟੇਡੀਅਮ ਮੁੱਖ ਮੈਦਾਨ ਹੋਵੇਗਾ।

ਏਟੀਪੀ ਕੱਪ :

ਸਾਲ ਦੀ ਸ਼ੁਰੂਆਤ ਟੈਨਿਸ ਪ੍ਰੇਮੀਆਂ ਲਈ ਸ਼ਾਨਦਾਰ ਰਹਿਣ ਵਾਲੀ ਹੈ। 2020 ਦੀ ਸ਼ੁਰੂਆਤ ਵਿਚ ਨਾ ਸਿਰਫ਼ ਸਾਲ ਦਾ ਪਹਿਲਾ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਖੇਡਿਆ ਜਾਵੇਗਾ ਬਲਕਿ ਪਹਿਲੀ ਵਾਰ ਏਟੀਪੀ ਕੱਪ ਵੀ ਕਰਵਾਇਆ ਜਾਵੇਗਾ। 2020 ਵਿਚ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਭਾਰਤੀ ਦਿੱਗਜ ਖਿਡਾਰੀ ਲਿਏਂਡਰ ਪੇਸ ਇਸ ਵਿਚ ਖੇਡਣਗੇ ਜਾਂ ਨਹੀਂ ਇਹ ਅਜੇ ਤੈਅ ਨਹੀਂ ਹੈ। ਆਸਟ੍ਰੇਲੀਆ ਦੇ ਤਿੰਨ ਸ਼ਹਿਰਾਂ ਵਿਚ ਕਰਵਾਇਆ ਜਾਣ ਵਾਲਾ ਏਟੀਪੀ ਕੱਪ ਤਿੰਨ ਜਨਵਰੀ ਤੋਂ 12 ਜਨਵਰੀ ਵਿਚਾਲੇ ਸਿਡਨੀ, ਬਿ੍ਸਬਨ ਤੇ ਪਰਥ ਵਿਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ 24 ਟੀਮਾਂ ਤੇ ਦੁਨੀਆ ਦੇ ਸਾਰੇ ਦਿੱਗਜ ਆਹਮੋ-ਸਾਹਮਣੇ ਹੋਣਗੇ।

ਯੂਰੋ 2020 :

ਫੁੱਟਬਾਲ ਪ੍ਰੇਮੀਆਂ ਲਈ ਵੀ ਸਾਲ 2020 ਹਲਕਾ ਨਹੀਂ ਰਹਿਣ ਵਾਲਾ। ਚੈਂਪੀਅਨਜ਼ ਲੀਗ ਸਮੇਤ ਸਾਰੀਆਂ ਹੋਰ ਫੁੱਟਬਾਲ ਲੀਗਾਂ ਵਿਚਾਲੇ ਯੂਰਪੀ ਫੁੱਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਯੂਰੋ ਕੱਪ ਵੀ ਇਸੇ ਸਾਲ ਖੇਡਿਆ ਜਾਣਾ ਹੈ। ਯੂਏਫਾ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ 12 ਦੇਸ਼ ਕਰਨ ਵਾਲੇ ਹਨ ਤੇ ਕੁੱਲ 24 ਯੂਰਪੀ ਟੀਮਾਂ ਇਸ ਵਿਚ ਹਿੱਸਾ ਲੈਣਗੀਆਂ। ਮੈਦਾਨ ਵੀ 12 ਹੋਣਗੇ। ਟੂਰਨਾਮੈਂਟ ਦੀ ਸ਼ੁਰੂਆਤ 12 ਜੂਨ ਨੂੰ ਹੋਵੇਗੀ ਤੇ ਅੰਤ 12 ਜੁਲਾਈ ਨੂੰ ਹੋਵੇਗਾ।

ਨੌਜਵਾਨ ਟੀਮਾਂ ਤੋਂ ਉਮੀਦਾਂ :

ਭਾਰਤੀ ਖੇਡਾਂ ਲਈ ਚੁਣੌਤੀਆਂ ਜਨਵਰੀ ਤੋਂ ਹੀ ਸ਼ੁਰੂ ਹੋ ਜਾਣਗੀਆਂ। 17 ਜਨਵਰੀ ਤੋਂ ਦੱਖਣੀ ਅਫਰੀਕਾ ਵਿਚ ਅੰਡਰ-19 ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ। ਪਿ੍ਅਮ ਗਰਗ ਦੀ ਅਗਵਾਈ ਵਿਚ ਭਾਰਤੀ ਨੌਜਵਾਨ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗੀ। ਇਸ ਵਿਚ ਯਸ਼ਸਵੀ ਜਾਇਸਵਾਲ, ਕਾਰਤਿਕ ਤਿਆਗੀ, ਸ਼ੁਭਮ ਹੇਗੜੇ, ਤਿਲਕ ਵਰਮਾ, ਧਰੁਵ ਜੁਰੇਲ ਵਰਗੇ ਖਿਡਾਰੀਆਂ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹੋਣਗੀਆਂ। ਇਸ ਤੋਂ ਇਲਾਵਾ ਦੋ ਤੋਂ 21 ਨਵੰਬਰ ਤਕ ਭਾਰਤ ਵਿਚ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਵੀ ਕਰਵਾਇਆ ਜਾਵੇਗਾ। ਇਸ ਵਿਚ ਅੰਡਰ-17 ਭਾਰਤੀ ਮਹਿਲਾ ਫੁੱਟਬਾਲ ਟੀਮ ਘਰੇਲੂ ਦਰਸ਼ਕਾਂ ਸਾਹਮਣੇ ਪੂਰੇ ਜੋਸ਼ ਨਾਲ ਉਤਰੇਗੀ।