ਪੰਜਾਬੀਆਂ ਨੂੰ, ਖ਼ਾਸ ਕਰਕੇ ਸਿੱਖਾਂ ਨੂੰ ਹਾਕੀ ਖੇਡਣ ਦੀ ਚਿਣਗ ਅੰਗਰੇਜ਼ ਫ਼ੌਜੀਆਂ ਤੋਂ ਲੱਗੀ। ਪੰਜਾਬੀਆਂ ਦਾ ਹਮੇਸ਼ਾ ਭਾਰਤੀ ਹਾਕੀ ਟੀਮ 'ਚ ਦਬਦਬਾ ਰਿਹਾ ਹੈ ਪਰ ਭਾਰਤ ਦੇ ਹੁਕਮਰਾਨਾਂ ਨੂੰ ਇਹ ਚੁੱਭਦਾ ਰਿਹਾ ਹੈ। ਇਸੇ ਕਰਕੇ ਕਈ ਵਾਰ ਸਿੱਖ ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ਦੀ ਚੋਣ ਸਮੇਂ ਬੇਇਨਸਾਫ਼ੀ ਦਾ ਸ਼ਿਕਾਰ ਹੋਣਾ ਪਿਆ। ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਮੈਂ ਇਹੀ ਕਹਾਂਗਾ ਕਿ ਸਿੱਖ ਕੌਮ ਪ੍ਰਤੀ ਉਸ ਦੇ ਅੰਦਰ ਕਿਤੇ ਨਾ ਕਿਤੇ ਗਹਿਰੀ ਕੱਟੜਤਾ ਸੀ। ਇੰਦਰਾ ਗਾਂਧੀ ਨੇ ਕਈ ਸਿੱਖ ਚਿਹਰਿਆਂ ਨੂੰ ਦੇਸ਼ ਦਾ ਰਾਸ਼ਟਰਪਤੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਵੀ ਬਣਾਇਆ, ਕਈਆਂ ਨੂੰ ਹੋਰ ਵੱਡੇ-ਵੱਡੇ ਅਹੁਦੇ ਤੇ ਪਦਵੀਆਂ ਦਿੱਤੀਆਂ ਪਰ ਇਹ ਅਹੁਦੇ ਤੇ ਪਦਵੀਆਂ ਉਨ੍ਹਾਂ ਨੂੰ ਹੀ ਮਿਲੇ ਜੋ ਗਾਂਧੀ ਪਰਿਵਾਰ ਦੇ ਖ਼ੁਸ਼ਾਮਦੀ ਸਨ। ਸੰਨ 1971 ਦੀ ਭਾਰਤ-ਪਾਕਿ ਜੰਗ ਜਿੱਤਣ ਤੋਂ ਬਾਅਦ ਪੰਧਾਨ ਮੰਤਰੀ ਅੰਦਰ ਇੰਨਾ ਹੰਕਾਰ ਆ ਗਿਆ ਸੀ ਕਿ ਹਰ ਇਕ ਨੂੰ ਆਪਣੀ ਅਧੀਨਗੀ ਮਨਾਉਣਾ ਉਸ ਦੀ ਫ਼ਿਤਰਤ 'ਚ ਸ਼ਾਮਲ ਹੋ ਗਿਆ । ਇਸੇ ਹੰਕਾਰ ਵਿਚ 1975 'ਚ ਐਮਰਜੰਸੀ ਲਗਾਈ ਗਈ ਤੇ ਫਿਰ 1984 ਵਿਚ ਪੰਜਾਬ ਦਾ ਦੁਖਾਂਤ ਵਾਪਰਿਆ।

ਸੰਨ 2006 ਦੇ ਅਪ੍ਰੈਲ ਮਹੀਨੇ ਦੀ ਗੱਲ ਹੈ ਜਦੋਂ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਬਕਾ ਮੁਖੀ ਅਸ਼ਵਨੀ ਕੁਮਾਰ ਨੇ ਨਵੀਂ ਦਿੱਲੀ ਵਿਖੇ 10 ਸਿੱਖ ਓਲੰਪੀਅਨ ਖਿਡਾਰੀਆਂ ਦੇ ਇਕ ਸਨਮਾਨ ਸਮਰੋਹ 'ਚ ਬੋਲਦਿਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੰਕਾਰ ਦਾ ਇਕ ਹੋਰ ਚਿੱਠਾ ਖੋਲ੍ਹਿਆ।

ਸਵਰਗੀ ਅਸ਼ਵਨੀ ਕੁਮਾਰ ਪੁਲਿਸ ਮੁਖੀ ਦੇ ਨਾਲ-ਨਾਲ 1954 ਤੋਂ 1974 ਤਕ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਇਸ ਸਮਾਗਮ ਵਿਚ ਆਪਣੇ ਪ੍ਰਧਾਨਗੀ ਭਾਸ਼ਣ 'ਚ ਬੋਲਦਿਆਂ ਉਹ ਦੱਸਦੇ ਹਨ ਕਿ 1974 ਵਿਚ ਜਦੋਂ ਉਹ ਬਾਰਡਰ ਸਕਿਓਰਿਟੀ ਫੋਰਸ 'ਚ ਇੰਸਪੈਕਟਰ ਜਨਰਲ ਸਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਫੋਨ ਆਇਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਅਸ਼ਵਨੀ ਕੁਮਾਰ ਉਸ ਸਮੇਂ ਗੁਲਮਰਗ ਨੇੜੇ ਕਸ਼ਮੀਰ ਦੀਆਂ ਕੁਝ ਸਰਹੱਦੀ ਚੌਕੀਆਂ ਦਾ ਮੁਆਇਨਾ ਕਰ ਰਹਾ ਸਨ। ਉਹ ਆਖਦੇ ਹਨ, ''ਮੈਂ ਪ੍ਰਧਾਨ ਮੰਤਰੀ ਦੇ ਸੁਨੇਹੇ ਤੋਂ ਇਕਦਮ ਹੈਰਾਨ ਸੀ ਕਿ ਅਜਿਹੀ ਕਿਹੜੀ ਬਿਪਤਾ ਹੈ ਜੋ ਮੈਨੂੰ ਤੁਰੰਤ ਬੁਲਾਇਆ ਹੈ? ਇਕ ਹੈਲੀਕਾਪਟਰ ਨੇ ਮੈਨੂੰ ਗੁਲਮਰਗ ਤੋਂ ਸ਼੍ਰੀਨਗਰ ਪੁਹੰਚਾਇਆ, ਫਿਰ ਮੈਂ ਇੰਡੀਅਨ ਏਅਰ ਲਾਈਨਜ਼ ਦੀ ਉਡਾਣ ਰਾਹੀਂ ਨਵੀਂ ਦਿੱਲੀ ਪਹੁੰਚਿਆ। ਮੈਂ ਆਪਣੇ ਸੰਮਨ ਦੇ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਸੀ।''

ਦੁਆ ਸਲਾਮ ਹੋਣ ਤੋਂ ਬਾਅਦ ਸ੍ਰੀਮਤੀ ਗਾਂਧੀ ਨੇ ਕਿਹਾ ਕਿ ''ਮੈਂ ਤੁਹਾਨੂੰ ਇੱਥੇ ਬਲਾਉਣ ਦਾ ਇੱਕੋ ਕਾਰਨ ਦੱਸ ਰਹੀ ਹਾਂ ਕਿ ਸਿੱਖਿਆ ਮੰਤਰੀ ਐੱਸ. ਨੂਰ ਉਲ ਹਸਨ ਨੇ ਹਾਲ ਹੀ 'ਚ ਮੈਨੂੰ ਦੱਸਿਆ ਕਿ ਤੁਸੀਂ ਬਹੁਤ ਸਾਰੇ ਸਿੱਖ ਹਾਕੀ ਖਿਡਾਰੀਆਂ ਨੂੰ ਹੀ ਭਾਰਤੀ ਟੀਮ 'ਚ ਰੱਖਦੇ ਹੋ, ਬਾਕੀਆਂ ਨੂੰ ਕਿਉਂ ਨਹੀ?'' ''ਮੈਂ ਉੱਥੇ ਸਿੱਖਾਂ ਦੇ ਹਾਕੀ ਖੇਡ ਦੇ ਹੁਨਰ ਨਾਲ ਬੇਇਨਸਾਫ਼ੀ ਨਹੀਂ ਕਰ ਸਕਦਾ ਸੀ। ਮੈਂ ਚੁੱਪ ਰਿਹਾ ਪਰ ਮੈਂ ਬਹੁਤ ਪਰੇਸ਼ਾਨ ਸੀ। ਮੈਂ ਗੈਸਟ ਹਾਊਸ ਵਾਪਸ ਆਇਆ ਅਤੇ ਇੰਡੀਆ ਹਾਕੀ ਫੈਡਰੇਸ਼ਨ (ਆਈਐੱਚਐੱਫ) ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਲਿਖ ਕੇ ਤੁਰੰਤ ਭਾਰਤੀ ਓਲੰਪਿਕ ਐਸੋਸ਼ੀਏਸ਼ਨ ਦੇ ਤਤਕਾਲੀ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੂੰ ਭੇਜ ਦਿੱਤਾ ਹਾਲਾਂਕਿ ਮੇਰੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਅਸਤੀਫ਼ਾ ਨਾ ਦੇਣ ਦੀ ਸਲਾਹ ਦਿੱਤੀ ਪਰ ਮੈਂ ਆਪਣੇ ਫੈਸਲੇ ਤੇ ਦ੍ਰਿੜ ਸੀ। ਮੈਂ ਆਪਣੇ ਸਿੱਖ ਖਿਡਾਰੀਆਂ ਦੇ ਹੁਨਰ ਤੇ ਹਾਕੀ ਖੇਡ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਨੂੰ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦਾ।''

''ਭਾਰਤੀ ਹਾਕੀ ਖੇਡ 'ਚ ਸਿੱਖਾਂ ਦਾ ਯੋਗਦਾਨ ਹਮੇਸਾ ਬਹੁਤ ਵੱਡਾ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ।'' ਅਸ਼ਵਨੀ ਕੁਮਾਰ ਨੇ ਸਿੱਖ ਹਾਕੀ ਖਿਡਾਰੀਆਂ ਦੀ ਇਸ ਖੇਡ ਪ੍ਰਤੀ ਲਗਨ, ਵਚਨਬੱਧਤਾ, ਸੁਹਿਰਦਤਾ ਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ, ''ਸਿੱਖਾਂ ਦਾ ਹਾਕੀ ਖੇਡ 'ਚ ਯੋਗਦਾਨ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਦੂਸਰੇ ਮੁਲਕ ਕੀਨੀਆ, ਮਲੇਸ਼ੀਆ, ਇੰਗਲੈਂਡ, ਯੁਗਾਂਡਾ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਵਿਚ ਵੀ ਹੈ, ਜਿੱਥੇ ਅੱਜ ਵੀ ਸਿੱਖ ਉੱਥੋਂ ਦੀਆਂ ਕੌਮੀ ਹਾਕੀ ਟੀਮਾਂ ਦਾ ਹਿੱਸਾ ਬਣਦੇ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਦੋਂ ਬਾਰਸੀਲੋਨਾ ਓਲੰਪਿਕ (1992) ਦੌਰਾਨ ਮੈਂ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਉਸ ਵੇਲੇ ਦੇ ਪ੍ਰਧਾਨ ਏਟੀਐੱਨ ਗਲੀਚਿਚ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕੁਝ ਸਾਬਕਾ ਭਾਰਤੀ ਖਿਡਾਰੀਆਂ, ਖ਼ਾਸ ਕਰਕੇ ਸਿੱਖ ਖਿਡਾਰੀਆਂ ਦੀ ਤੰਦਰੁਸਤੀ ਬਾਰੇ ਪੁੱਛਿਆ ਜਿਨ੍ਹਾਂ ਨਾਲ ਗਲੀਚਿਚ ਨੇ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਸਨ। ਐੱਫਆਈਐੱਚ ਦੇ ਪ੍ਰਧਾਨ ਨੇ ਉਚੇਚੇ ਤੌਰ 'ਤੇ ਪ੍ਰਿਥੀਪਾਲ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਗੁਰਦੇਵ ਸਿੰਘ ਤੇ ਹੋਰ ਸਿੱਖ ਖਿਡਾਰੀਆਂ ਨੂੰ ਯਾਦ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਪਨੈਲਟੀ ਕਾਰਨਰ ਕਿੰਗ ਪ੍ਰਿਥੀਪਾਲ ਸਿੰਘ ਦੀ 1983 ਵਿਚ ਹੋਈ ਹੱਤਿਆ ਬਾਰੇ ਦੱਸਿਆ ਤਾਂ ਉਹ ਬਹੁਤ ਦੁਖੀ ਹੋਏ ਤੇ ਭਰੇ ਮਨ ਨਾਲ ਉਨ੍ਹਾਂ ਕਿਹਾ ਉਹ ਇਕ ਮਹਾਨ ਖਿਡਾਰੀ ਸੀ, ਮੇਰੀ ਉਸ ਨੂੰ ਇਹੀ ਸ਼ਰਧਾਂਜਲੀ ਹੈ।''

ਸ਼੍ਰੀ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਤੋਂ ਬਾਅਦ ਵਾਕਿਆ ਹੀ ਭਾਰਤੀ ਹਾਕੀ ਵਿਚ ਸਿੱਖ ਖਿਡਾਰੀਆਂ ਨਾਲ ਬੇਇਨਸਾਫ਼ੀ ਦਾ ਦੌਰ ਸ਼ੁਰੂ ਹੋਇਆ। ਸੰਨ 1978 ਵਿਚ ਵਿਸ਼ਵ ਕੱਪ ਹਾਕੀ ਵੇਲੇ ਜਦੋਂ ਭਾਰਤੀ ਹਾਕੀ ਦੇ ਉੱਚ ਅਧਿਕਾਰੀਆਂ ਨੇ ਸਿੱਖ ਖਿਡਾਰੀਆਂ ਪ੍ਰਤੀ ਮੰਦੀ ਸ਼ਬਦਾਵਲੀ ਬੋਲੀ ਤਾਂ ਉਸ ਵੇਲੇ ਦੇ ਨਾਮੀ ਖਿਡਾਰੀ ਸੁਰਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਤੇ ਵਰਿੰਦਰ ਸਿੰਘ ਕੋਚਿੰਗ ਕੈਂਪ ਵਿਚਾਲੇ ਹੀ ਛੱਡ ਕੇ ਟੀਮ ਤੋਂ ਬਾਹਰ ਆ ਗਏ ਸਨ, ਫਿਰ 1978 ਦੇ ਵਿਸ਼ਵ ਹਾਕੀ ਕੱਪ 'ਚ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ ਉਸ ਦਾ ਦੁਨੀਆ ਨੂੰ ਪਤਾ ਹੀ ਹੈ।

ਇਸ ਇਕ ਵਰਤਾਰੇ ਨਾਲ ਦੁਨੀਆ ਦਾ ਚੈਂਪੀਅਨ ਮੁਲਕ 6ਵੇਂ ਨੰਬਰ 'ਤੇ ਆ ਗਿਆ ਸੀ। ਉਸ ਤੋਂ ਬਾਅਦ 1982 ਦੀਆਂ ਏਸ਼ੀਅਨ ਖੇਡਾਂ ਮੌਕੇ ਵੀ ਕਪਤਾਨ ਸੁਰਜੀਤ ਸਿੰਘ ਰੰਧਾਵਾ ਤੇ ਸੁਰਿੰਦਰ ਸਿੰਘ ਸੋਢੀ ਨੂੰ ਐਨ ਮੌਕੇ 'ਤੇ ਟੀਮ ਤੋਂ ਬਾਹਰ ਕੀਤਾ ਗਿਆ ਅਤੇ ਹੋਰ ਸਿੱਖ ਸੀਨੀਅਰ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ 'ਤੇ ਸੱਦਣਾ ਵਾਜ਼ਬ ਹੀ ਨਹੀਂ ਸਮਝਿਆ ਗਿਆ ਅਤੇ ਪਾਕਿਸਤਾਨੀ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਭਾਰਤੀ ਹਾਕੀ ਟੀਮ ਨੂੰ 7-1 ਗੋਲਾਂ ਦੀ ਜੋ ਧੂੜ ਚਟਾਈ ਸੀ, ਉਹ ਸਦਮਾ ਅਜੇ ਵੀ ਦੇਸ਼ ਵਾਸੀਆਂ ਤੇ ਹਾਕੀ ਪ੍ਰੇਮੀਆਂ ਨੂੰ ਭੁੱਲਿਆ ਨਹੀਂ ਹੈ।

ਖੇਡਾਂ ਤਾਂ ਸੰਪਰਦਾਇਕ ਸਦਭਾਵਨਾ, ਏਕਤਾ, ਅਨੁਸ਼ਾਸਨ ਤੇ ਮਿਲਵਰਤਣ ਸਿਖਾਉਂਦੀਆਂ ਹਨ। ਖੇਡ ਭਾਵਨਾ ਦੇ ਇਨ੍ਹਾਂ ਗੁਣਾਂ ਕਾਰਨ ਹੀ ਤਾਂ ਕੋਈ ਟੀਮ ਜਿੱਤਦੀ ਹੈ। ਇਹੀ ਗੱਲਾਂ ਕਿਸੇ ਮੁਲਕ ਦੇ ਵਿਕਾਸ ਉੱਪਰ ਵੀ ਲਾਗੂ

ਹੁੰਦੀਆਂ ਹਨ।

ਜਦੋਂ ਕਿਸੇ ਖੇਡ ਜਾਂ ਮੁਲਕ ਵਿਚ ਵੀ ਕੱਟੜਤਾ, ਮੁਤੱਸਬ ਜਾਂ ਵਿਤਕਰੇਬਾਜ਼ੀ ਪੈਦਾ ਹੋ ਜਾਵੇ ਤਾਂ ਖੇਡ ਜਾ ਮੁਲਕ ਦਾ ਪਤਨ ਲਾਜ਼ਮੀ ਹੈ। ਭਾਰਤੀ ਹਾਕੀ ਨੂੰ ਵੀ ਸਾਡੇ ਮੁਲਕ ਦੇ ਨੇਤਾਵਾਂ ਤੇ ਖੇਡ ਪ੍ਰਬੰਧਕਾਂ ਦੀ ਇਹੀ ਕੱਟੜਤਾ ਤੇ ਵਿਤਕਰੇਬਾਜ਼ੀ ਲੈ ਡੁੱਬੀ ਹੈ, ਜਿਸ ਦਾ ਸਿੱਟਾ ਅੱਜ ਦੁਨੀਆ ਦੇ ਸਾਹਮਣੇ ਹੈ। ਰੱਬ ਰਾਖਾ।

- ਜਗਰੂਪ ਸਿੰਘ ਜਰਖੜ

Posted By: Harjinder Sodhi