ਜਦੋਂ ਕੋਈ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਰਵਾਉਣ ਲਈ ਤਿੰਨ-ਚਾਰ ਸਾਲ ਸਖ਼ਤ ਮਿਹਨਤ ਕਰ ਕੇ ਉਸ ਟੀਚੇ ਦੇ ਬੇਹੱਦ ਨੇੜੇ ਹੋਵੇ ਅਤੇ ਉਸ ਨੂੰ ਮੁਲਤਵੀ ਕਰਨਾ ਪੈ ਜਾਵੇ ਤਾਂ ਇਹ ਉਸ ਦੇਸ਼ ਲਈ ਸਭ ਤੋਂ ਔਖੀ ਘੜੀ ਹੁੰਦੀ ਹੈ। ਜਦੋਂ ਅਜਿਹੇ ਵੱਡੇ ਈਵੈਂਟ ਮੁਲਤਵੀ ਹੋਣ ਦੀ ਖ਼ਬਰ ਆਉਂਦੀ ਹੈ ਤਾਂ ਇਹ ਸਥਿਤੀ ਦਰਸ਼ਕਾਂ ਤੇ ਖਿਡਾਰੀਆਂ ਲਈ ਬੜੀ ਨਿਰਾਸ਼ਾਜਨਕ ਹੁੰਦੀ ਹੈ। ਇਸ ਵਰ੍ਹੇ ਜਾਪਾਨ ਦੇ ਸ਼ਹਿਰ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਕੋਰੋਨਾ ਵਾਇਰਸ-19 ਇਨ੍ਹਾਂ ਖੇਡਾਂ ਲਈ ਗ੍ਰਹਿਣ ਬਣ ਕੇ ਆਇਆ ਹੈ ਤੇ ਦੁਨੀਆ ਦੀਆਂ ਸਮੁੱਚੀਆਂ ਖੇਡ ਸੰਸਥਾਵਾਂ, ਦਰਸ਼ਕਾਂ ਤੇ ਖਿਡਾਰੀਆਂ ਦੇ ਮਨਾਂ 'ਚ ਇਹ ਸਵਾਲ ਉੱਠ ਰਿਹਾ ਹੈ ਕਿ 'ਕੀ ਟੋਕੀਓ ਓਲੰਪਿਕ ਖੇਡਾਂ ਵੀ ਰੱਦ ਕਰਨੀਆਂ ਪੈ ਜਾਣਗੀਆਂ?'

ਦਾਅ 'ਤੇ ਲੱਗੇ ਅਰਬਾਂ ਡਾਲਰ

ਓਲੰਪਿਕ ਖੇਡਾਂ ਦੀਆਂ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ। ਦਰਸ਼ਕਾਂ ਵੱਲੋਂ ਟਿਕਟਾਂ ਖ਼ਰੀਦੀਆਂ ਗਈਆਂ ਹਨ, ਓਲੰਪਿਕ ਸਟੇਡੀਅਮ, ਓਲੰਪਿਕ ਪਿੰਡ ਲਗਪਗ ਤਿਆਰ ਹੋ ਗਏ ਹਨ। ਇਸ ਦਰਮਿਆਨ ਸੀਓਵੀਡੀ-19 ਵਾਇਰਸ ਦੇ ਮੰਦਭਾਗੇ ਹਮਲੇ ਨੇ ਖੇਡ ਜਗਤ 'ਚ ਵੀ ਸੋਗ ਦੀ ਲਹਿਰ ਲੈ ਆਂਦੀ ਹੈ। ਵੱਡੇ ਆਲਮੀ ਟੂਰਨਾਮੈਂਟਾਂ ਵਿਚ ਇਸ ਤਰ੍ਹਾਂ ਦੀ ਖ਼ਬਰ ਦਾ ਆਉਣਾ ਆਪਣੇ ਆਪ 'ਚ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨੀਂ ਇਹ ਖ਼ਬਰ ਆਈ ਕਿ ਟੋਕੀਓ ਓਲੰਪਿਕ ਖੇਡਾਂ ਰੱਦ ਹੋ ਸਕਦੀਆਂ ਹਨ। ਭਾਵੇਂ ਕੌਮਾਂਤਰੀ ਓਲੰਪਿਕ ਸੰਘ ਨੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਪਰ ਅਜਿਹੀ ਭਿਆਨਕ ਮਹਾਮਾਰੀ ਦੌਰਾਨ ਟੋਕੀਓ ਓਲੰਪਿਕ ਖੇਡਾਂ ਕਰਵਾਉਣੀਆਂ ਆਪਣੇ ਆਪ 'ਚ ਵੱਡੀ ਚੁਣੌਤੀ ਹੈ। ਸਿਹਤ ਮਾਹਰਾਂ ਦੀ ਮੰਨੀਏ ਤਾਂ ਉਮੀਦ ਹੈ ਕਿ ਜਿਵੇਂ-ਜਿਵੇਂ ਗਰਮੀ ਵਧੇਗੀ ਤਿਵੇਂ-ਤਿਵੇਂ ਵਾਇਰਸ ਦਾ ਪ੍ਰਕੋਪ ਘਟਦਾ ਜਾਵੇਗਾ ਪਰ ਇਹ ਗੱਲ ਕਿੰਨੀ ਕੁ ਸੱਚ ਹੈ ਕਿਸੇ ਨੂੰ ਨਹੀ ਪਤਾ। ਜੇਕਰ ਓਲੰਪਿਕ ਖੇਡਾਂ ਮੁਲਤਵੀ ਕਰਨੀਆਂ ਪੈ ਗਈਆਂ ਤਾਂ ਅਰਬਾਂ ਡਾਲਰ ਦੀ ਸਪਾਂਸਰਸ਼ਿਪ ਦਾ ਨੁਕਸਾਨ ਪ੍ਰਬੰਧਕਾਂ ਨੂੰ ਝੱਲਣਾ ਪੈ ਸਕਦਾ ਹੈ।

ਕੌਮੀ ਤੇ ਕੌਮਾਂਤਰੀ ਖੇਡਾਂ ਮੁਲਤਵੀ

ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਪੱਧਰ ਦੇ ਕਈ ਵੱਡੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ। ਐੱਨਬੀਏ ਲੀਗ ਦੇ ਖਿਡਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਟੂਰਨਾਮੈਂਟ ਰੱਦ ਕੀਤੇ ਗਏ ਹਨ। ਇਟਲੀ 'ਚ ਫੁੱਟਬਾਲ ਟੂਰਨਾਮੈਂਟ ਵੀ ਰੋਕ ਦਿੱਤਾ ਗਿਆ ਤੇ ਕ੍ਰਿਕਟ ਦੇ ਕਈ ਵੱਡੇ ਟੂਰਨਾਮੈਂਟ ਵੀ ਮੁਲਤਵੀ ਕਰ ਦਿੱਤੇ ਗਏ। ਕੋਰੋਨਾ ਦਾ ਪ੍ਰਭਾਵ ਭਾਰਤ 'ਚ ਵੀ ਵੇਖਣ ਨੂੰ ਮਿਲਿਆ। ਕਈ ਰਾਸ਼ਟਰੀ ਚੈਂਪੀਅਨਸ਼ਿਪਸ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਸਾਈਕਲਿੰਗ ਦੀ ਕੌਮੀ ਚੈਂਪੀਅਨਸ਼ਿਪ, ਆਈਐੱਸਐੱਸਐੱਫ ਵਿਸ਼ਵ ਕੱਪ, ਸੰਤੋਸ਼ ਟਰਾਫੀ, ਇੰਡੀਅਨ ਓਪਨ ਬੈਡਮਿੰਟਨ ਚੈਂਪੀਅਨਸ਼ਿਪ, ਇੰਡੀਅਨ ਓਪਨ ਗੌਲਫ ਟੂਰਨਾਮੈਂਟ, ਜੂਨੀਅਰ ਅਥਲੈਟਿਕ ਫੈਡਰੇਸ਼ਨ ਕੱਪ, ਰਾਸ਼ਟਰੀ ਪੈਰਾਓਲੰਪਿਕ ਚੈਂਪੀਅਨਸ਼ਿਪ ਤੇ ਬਾਕਸਿੰਗ ਆਦਿ ਵੱਡੀਆਂ ਖੇਡਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਵੀ ਇਸ ਵਾਇਰਸ ਦੀ ਭੇਟ ਚੜ੍ਹ ਗਏ।

ਭਾਰਤੀ ਖੇਡ ਮੰਤਰਾਲੇ ਦੇ ਫ਼ੈਸਲੇ

ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਖਿਡਾਰੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਚਿੱਠੀ ਜਾਰੀ ਕਰ ਕੇ ਖੇਡ ਫੈਡਰੇਸ਼ਨ ਨੂੰ ਦੇਸ਼ ਅੰਦਰ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਰੱਦ ਕਰਨ ਲਈ ਕਿਹਾ ਹੈ। ਜੋ ਖਿਡਾਰੀ ਓਲੰਪਿਕ ਦੀ ਤਿਆਰੀ ਲਈ ਵੱਖ-ਵੱਖ ਕੇਂਦਰਾਂ 'ਚ ਸਿਖਲਾਈ ਲੈ ਰਹੇ ਹਨ ਉਨ੍ਹਾਂ ਉੱਪਰ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਤੇ ਸਿਹਤ ਦੀ ਸਥਿਤੀ ਉੱਪਰ ਡਾਕਟਰੀ ਟੀਮਾਂ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਤੇ ਉਨ੍ਹਾਂ ਨੂੰ ਸਿਹਤ ਮੰਤਰਾਲੇ ਦੀ ਹਰ ਸਲਾਹ ਮੰਨਣ ਲਈ ਕਿਹਾ ਗਿਆ ਹੈ। ਖਿਡਾਰੀ ਜਿਨ੍ਹਾਂ ਟ੍ਰੇਨਿੰਗ ਸੈਂਟਰਾਂ ਵਿਚ ਖੇਡਾਂ ਦਾ ਅਭਿਆਸ ਕਰ ਰਹੇ ਹਨ ਉਨ੍ਹਾਂ ਸਂੈਟਰਾਂ 'ਚ ਆਮ ਲੋਕਾਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਗਿਆ ਹੈ।

ਆਓ, ਦੁਆ ਕਰੀਏ ਕਿ ਦੁਨੀਆ 'ਚੋਂ ਕੋਰੋਨਾ ਵਾਇਰਸ ਖ਼ਤਮ ਹੋ ਜਾਵੇ। ਸਾਰੇ ਦੇਸ਼ ਆਮ ਵਾਂਗ ਕੰਮ ਕਰਨ ਲੱਗ ਜਾਣ ਤੇ ਟੋਕੀਓ ਓਲੰਪਿਕ ਖੇਡਾਂ ਆਪਣੇ ਮਿੱਥੇ ਸਮਂੇ 'ਤੇ ਹੋ ਸਕਣ।

ਓਲੰਪਿਕ 'ਤੇ ਹੁਣ ਤਕ ਪਏ ਕਾਲੇ ਪਰਛਾਵੇਂ

ਓਲੰਪਿਕ ਖੇਡਾਂ ਵਿਚ ਦੁਨੀਆ ਭਰ ਦੇ ਦੇਸ਼ ਹਿੱਸਾ ਲੈਂਦੇ ਹਨ। ਇਹ ਖੇਡਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ। ਸੰਨ 1896 ਵਿਚ ਸ਼ੁਰੂ ਹੋਈਆਂ ਪਹਿਲੀਆਂ ਏਥਨਜ਼ ਓਲੰਪਿਕ ਖੇਡਾਂ ਦੀ ਸ਼ੁਰਅਤ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੋਈ ਸੀ। ਉਦੋਂ ਤੋਂ ਲਗਾਤਾਰ ਬੜੀ ਸਫਲਤਾ ਨਾਲ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਦੋਵਾਂ ਵਿਸ਼ਵ ਯੁੱਧਾਂ ਮੌਕੇ ਓਲੰਪਿਕ ਖੇਡਾਂ ਨਹੀਂ ਸਨ ਹੋ ਸਕੀਆਂ। ਬ੍ਰਾਜ਼ੀਲ ਦੇ ਰੀਓ ਸ਼ਹਿਰ ਵਿਖੇ 2016 ਵਿਚ ਹੋਈਆਂ ਓਲੰਪਿਕ ਖੇਡਾਂ ਮੌਕੇ 'ਜਾਇਕਾ ਵਾਇਰਸ' ਫੈਲਣ ਨਾਲ ਵੀ ਇਨ੍ਹਾਂ ਖੇਡਾਂ ਉੱਪਰ ਖ਼ਤਰਾ ਮੰਡਰਾਉਣ ਲੱਗ ਪਿਆ ਸੀ। ਉਸ ਸਮੇਂ ਵੀ ਕੌਮਾਂਤਰੀ ਓਲੰਪਿਕ ਸੰਘ ਨੇ ਬੜੀ ਸੂਝ ਬੂਝ ਨਾਲ ਫ਼ੈਸਲਾ ਲੈਂਦਿਆਂ ਸਮੇਂ ਸਿਰ ਓਲੰਪਿਕ ਖੇਡਾਂ ਕਰਵਾਈਆਂ ਸਨ। ਹੁਣ ਟੋਕੀਓ ਓਲੰਪਿਕ ਖੇਡਾਂ ਤੋਂ ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਸਾਰੀ ਦੁਨੀਆ ਨੂੰ ਚਿੰਤਾ 'ਚ ਪਾ ਦਿੱਤਾ ਹੈ।

ਜਗਦੀਪ ਕਾਹਲੋਂ

8288847042

Posted By: Harjinder Sodhi