ਲੰਡਨ (ਏਪੀ) : ਏਂਡਰੀਏ ਯਾਰਮੋਲੇਂਕੋ ਦੇ ਆਖ਼ਰੀ ਸਮੇਂ ਵਿਚ ਕੀਤੇ ਗੋਲ ਦੀ ਮਦਦ ਨਾਲ ਵੈਸਟ ਹੈਮ ਨੇ ਚੇਲਸੀ ਨੂੰ 3-2 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ਵਿਚ ਬਣੇ ਰਹਿਣ ਦੀਆਂ ਉਮੀਦਾਂ ਕਾਇਮ ਰੱਖੀਆਂ। ਇਸ ਬਦਲਵੇਂ ਖਿਡਾਰੀ ਨੇ ਜਵਾਬੀ ਹਮਲਾ ਕਰ ਕੇ 89ਵੇਂ ਮਿੰਟ ਵਿਚ ਫ਼ੈਸਲਾਕੁਨ ਗੋਲ ਕੀਤਾ ਜਿਸ ਨਾਲ ਵੈਸਟ ਹੈਮ ਦੇ 32 ਮੈਚਾਂ ਵਿਚ 30 ਅੰਕ ਹੋ ਗਏ ਹਨ ਤੇ ਊਹ ਦੂਜੇ ਡਵੀਜ਼ਨ ਵਿਚ ਖਿਸਕਣ ਲਈ ਤੈਅ ਕੀਤੇ ਗਏ ਅੰਕਾਂ ਤੋਂ ਅਜੇ ਤਿੰਨ ਅੱਗੇ ਹੈ। ਵੈਸਟ ਹੈਮ ਵੱਲੋਂ ਪਹਿਲਾ ਗੋਲ ਥਾਮਸ ਸੋਸੇਕ ਨੇ ਪਹਿਲੇ ਅੱਧ ਦੇ ਇੰਜਰੀ ਸਮੇਂ ਵਿਚ ਕੀਤਾ ਜਦਕਿ ਮਾਈਕਲ ਏਂਟੋਨੀਓ ਨੇ 51ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਚੇਲਸੀ ਵੱਲੋਂ ਦੋਵੇਂ ਗੋਲ ਵਿਲੀਅਨ (42ਵੇਂ ਤੇ 72ਵੇਂ ਮਿੰਟ) ਨੇ ਕੀਤੇ। ਇਸ ਹਾਰ ਤੋਂ ਬਾਅਦ ਚੇਲਸੀ ਦੇ 32 ਮੈਚਾਂ ਵਿਚ 54 ਅੰਕ ਹਨ। ਉਹ ਚੌਥੇ ਸਥਾਨ 'ਤੇ ਬਣਿਆ ਹੋਇਆ ਹੈ।

ਆਰਸੇਨਲ ਦੀ 4-0 ਨਾਲ ਇਕਤਰਫ਼ਾ ਜਿੱਤ

ਇਕ ਹੋਰ ਮੈਚ ਵਿਚ ਆਰਸੇਨਲ ਨੇ ਨੋਰਵਿਕ ਸਿਟੀ ਨੂੰ 4-0 ਨਾਲ ਹਰਾਇਆ। ਜੇਤੂ ਟੀਮ ਵੱਲੋਂ ਪੀਅਰੇ ਐਮਰਿਕ ਆਬਾਮੇਯਾਂਗ ਨੇ ਦੋ (33ਵੇਂ ਤੇ 67ਵੇਂ), ਜਦਕਿ ਗ੍ਰੇਨਿਟ ਹਾਕਾ (37ਵੇਂ) ਤੇ ਸੇਡਰਿਕ ਸੋਰੇਸ (81ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।