ਲੰਡਨ (ਏਪੀ) : ਮਾਈਕਲ ਏਂਟੋਨੀਓ ਦੇ ਦੋ ਗੋਲਾਂ ਦੀ ਮਦਦ ਨਾਲ ਵੈਸਟ ਹੈਮ ਨੇ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਚੈਂਪੀਅਨਸ਼ਿਪ ਵਿਚ ਬਰਨਲੇ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਯੂਏਫਾ ਚੈਂਪੀਅਨ ਲੀਗ ਲਈ ਕੁਆਲੀਫਾਈ ਕਰਨ ਦੀ ਉਮੀਦ ਜਗਾ ਦਿੱਤੀ। ਕ੍ਰਿਸ ਵੁਡ ਨੇ 19ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਬਰਨਲੇ ਨੂੰ ਬੜ੍ਹਤ ਦਿਵਾਈ ਪਰ ਏਂਟੋਨੀਓ ਨੇ 21ਵੇਂ ਤੇ 29ਵੇਂ ਮਿੰਟ ਵਿਚ ਗੋਲ ਕਰ ਕੇ ਵੈਸਟ ਹੈਮ ਨੂੰ ਮਹੱਤਵਪੂਰਨ ਜਿੱਤ ਦਿਵਾਈ। ਇਸ ਜਿੱਤ ਨਾਲ ਵੈਸਟ ਹੈਮ ਦੇ 34 ਮੈਚਾਂ ਵਿਚ 58 ਅੰਕ ਹੋ ਗਏ ਹਨ ਤੇ ਉਹ ਚੌਥੇ ਸਥਾਨ 'ਤੇ ਕਾਬਜ ਚੇਲਸੀ ਤੋਂ ਸਿਰਫ਼ ਤਿੰਨ ਅੰਕ ਪਿੱਛੇ ਹੈ। ਵੈਸਟ ਹੈਮ ਨੂੰ ਅਜੇ ਏਵਰਟਨ ਤੋਂ ਇਲਾਵਾ ਬ੍ਰਾਈਟਨ, ਵੈਸਟ ਬ੍ਰੋਮ ਤੇ ਸਾਊਥੈਂਪਟਨ ਵਰਗੀਆਂ ਹੇਠਲੇ ਸਥਾਨ ਵਾਲੀਆਂ ਟੀਮਾਂ ਨਾਲ ਭਿੜਨਾ ਹੈ ਜਦਕਿ ਚੇਲਸੀ ਨੂੰ ਮਾਨਚੈਸਟਰ ਸਿਟੀ, ਆਰਸੇਨਲ, ਲਿਸੈਸਟਰ ਤੇ ਏਸਟਨ ਵਿਲਾ ਵਰਗੀਆਂ ਮਜ਼ਬੂਤ ਟੀਮਾਂ ਦਾ ਮੁਕਾਬਲਾ ਕਰਨਾ ਹੈ। ਵੈਸਟ ਬ੍ਰੋਮ ਤੇ ਵੋਲਵਜ਼ ਵਿਚਾਲੇ ਖੇਡਿਆ ਗਿਆ ਇਕ ਹੋਰ ਮੈਚ 1-1 ਨਾਲ ਬਰਾਬਰ ਰਿਹਾ। ਫੈਬੀਓ ਸਿਲਵਾ ਨੇ ਪਹਿਲੇ ਅੱਧ ਦੇ ਇੰਜਰੀ ਟਾਈਮ ਵਿਚ ਗੋਲ ਕਰ ਕੇ ਵੋਲਵਜ਼ ਨੂੰ ਬੜ੍ਹਤ ਦਿਵਾਈ। ਮਬਾਏ ਡਿਆਗਨੇ ਨੇ 62ਵੇਂ ਮਿੰਟ ਵਿਚ ਵੈਸਟ ਬ੍ਰੋਮ ਵੱਲੋਂ ਬਰਾਬਰੀ ਦਾ ਗੋਲ ਕੀਤਾ।