ਆਨਲਾਈਨ ਡੈਸਕ, ਲੁਧਿਆਣਾ : ਵੇਟ ਲਿਫਟਿੰਗ ਵਿਚ ਚਾਂਦੀ ਦਾ ਤਗਮਾ ਜੇਤੂ ਵਿਕਾਸ ਠਾਕੁਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਭਾਰਤ ਤੋਂ ਬਰਮਿੰਘਮ ਦੀ ਯਾਤਰਾ ਦੌਰਾਨ ਵਿਕਾਸ ਮੂਸੇਵਾਲਾ ਦੇ ਗੀਤ ਸੁਣਦਾ ਆਇਆ ਹੈ। ਵੱਡੀ ਗੱਲ ਇਹ ਹੈ ਕਿ ਵਿਕਾਸ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੋ ਦਿਨ ਤੱਕ ਖਾਣਾ ਨਹੀਂ ਖਾਧਾ। ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ ’ਚ ਆਪਣੇ ਪੱਟ ’ਤੇ ਥਾਪੀ ਮਾਰ ਕੇ ਜਸ਼ਨ ਮਨਾਇਆ।

ਉਨ੍ਹਾਂ ਕਿਹਾ ਕਿ ਪੰਜਾਬੀ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਹੈ। ਹਾਲਾਂਕਿ ਵਿਕਾਸ ਦਾ ਕਹਿਣਾ ਹੈ ਕਿ ਮੈਂ ਮੂਸੇਵਾਲਾ ਨੂੰ ਕਦੇ ਮਿਲਿਆ ਨਹੀਂ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਮੇਰੇ ਨਾਲ ਰਹਿਣਗੇ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਉਹੀ ਗੱਲ ਸੁਣ ਰਿਹਾ ਸੀ। ਮੈਂ ਹਮੇਸ਼ਾ ਉਸ ਦਾ ਵੱਡਾ ਪ੍ਰਸ਼ੰਸਕ ਰਹਾਂਗਾ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਬੇਟੇ ਨੇ ਜਾਂਦੇ ਸਮੇਂ ਕਿਹਾ ਸੀ ਤਗਮਾ ਜਿੱਤ ਕੇ ਹੀ ਕਰਾਵਾਂਗਾ ਵਿਆਹ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਕਾਸ ਕੁਆਰਾ ਹੈ। ਰਾਸ਼ਟਰਮੰਡਲ ਖੇਡਾਂ ’ਚ ਜਾਣ ਤੋਂ ਪਹਿਲਾਂ ਅਸੀਂ ਉਸ ਨੂੰ ਵਿਆਹ ਕਰਵਾਉਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਕਿ ਉਹ ਅਜੇ ਵਿਆਹ ਨਹੀਂ ਕਰਾਵੇਗਾ। ਉਹ ਮੈਡਲ ਜਿੱਤ ਕੇ ਵਿਆਹ ਕਰਾਵੇਗਾ। ਹੁਣ ਉਸ ਦਾ ਵਿਆਹ ਧੂਮਧਾਮ ਨਾਲ ਕਰਾਂਗੇ। ਵਿਕਾਸ ਦੀ ਮਾਂ ਆਸ਼ਾ ਠਾਕੁਰ ਨੇ ਦੱਸਿਆ ਕਿ ਬੇਟੇ ਨੇ ਜਨਮ ਦਿਨ ’ਤੇ ਵੱਡਾ ਤੋਹਫ਼ਾ ਦਿੱਤਾ ਹੈ। ਉਸ ਨੇ ਵੀ ਫੋਨ ਕਰ ਕੇ ਮੈਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਮਾਂ ਜਿਸ ਦਿਨ ਤੁਹਾਡਾ ਜਨਮ ਦਿਨ ਹੈ, ਉਸੇ ਦਿਨ ਮੈਂ ਮੈਡਲ ਜਿੱਤ ਕੇ ਤੁਹਾਨੂੰ ਤੇ ਦੇਸ਼ ਨੂੰ ਤੋਹਫ਼ਾ ਦੇਣਾ ਚਾਹੁੰਦਾ ਹਾਂ।

ਦੇਸ਼ ਦੇ ਹਰ ਘਰ ਜਨਮੇ ਅਜਿਹਾ ਪੁੱਤ : ਬਿ੍ਰਜਲਾਲ ਠਾਕੁਰ

ਪਿਤਾ ਬਿ੍ਰਜਲਾਲ ਠਾਕੁਰ ਰੇਲਵੇ ’ਚ ਬਤੌਰ ਟਰੇਨ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁੱਤ ਨੇ ਉਨ੍ਹਾਂ ਨੂੰ ਜੋ ਮਾਣ ਬਖਸ਼ਿਆ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵਿਕਾਸ ਵਰਗਾ ਪੁੱਤ ਹਰ ਘਰ ਵਿਚ ਪੈਦਾ ਹੋਣਾ ਚਾਹੀਦਾ ਹੈ, ਜਿਸ ਨੇ ਹਰ ਹਾਲਤ ਵਿਚ ਸੰਘਰਸ਼ ਕੀਤਾ ਹੈ ਅਤੇ ਕਾਮਯਾਬ ਹੋਇਆ ਹੈ। ਅਸੀਂ ਲਗਾਤਾਰ ਉਸ ਦੇ ਪ੍ਰਦਰਸ਼ਨ ਦੇਖ ਰਹੇ ਸੀ। ਸਾਨੂੰ ਪੂਰੀ ਉਮੀਦ ਸੀ ਕਿ ਉਹ ਤਗਮਾ ਜ਼ਰੂਰ ਜਿੱਤੇਗਾ।

ਵਿਕਾਸ ਠਾਕੁਰ ਸੱਤ ਵਾਰ ਰਹਿ ਚੁੱਕਿਆ ਨੈਸ਼ਨਲ ਚੈਂਪੀਅਨ

ਵਿਕਾਸ ਏਅਰ ਫੋਰਸ ਵਿਚ ਵਾਰੰਟ ਅਫਸਰ ਵਜੋਂ ਸੇਵਾ ਨਿਭਾ ਰਿਹਾ ਸੀ, ਇਸ ਸਮੇਂ ਐੱਨਆਈਐੱਸ ਪਟਿਆਲਾ ਵਿਚ ਸਿਖਲਾਈ ਲੈ ਰਿਹਾ ਸੀ। ਉਹ 2013, 2014, 2015, 2016, 2018, 2019 ਅਤੇ 2020 ਵਿਚ ਸੱਤ ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕਿਆ ਹੈ।

Posted By: Harjinder Sodhi