ਟੋਕੀਓ (ਏਪੀ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਅਧਿਕਾਰੀਆਂ ਨੂੰ ਕਿਹਾ ਕਿ ਦੁਨੀਆ ਨੂੰ ਦਿਖਾਉਣਾ ਹੈ ਕਿ ਜਾਪਾਨ ਓਲੰਪਿਕ ਖੇਡਾਂ ਦੀ ਸੁਰੱਖਿਅਤ ਮੇਜ਼ਬਾਨੀ ਕਰ ਸਕਦਾ ਹੈ। ਸੁਗਾ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰਾਂ ਦੀ ਮੀਟਿੰਗ ਵਿਚ ਕਿਹਾ ਕਿ ਦੁਨੀਆ ਵੱਡੀ ਮੁਸ਼ਕਲ ਨਾਲ ਘਿਰੀ ਹੈ। ਇਸ ਕਾਰਨ ਅਸੀਂ ਓਲੰਪਿਕ ਦੀ ਕਾਮਯਾਬ ਮੇਜ਼ਬਾਨੀ ਕਰਨੀ ਹੈ। ਜਾਪਾਨ ਨੇ ਇਹ ਦੁਨੀਆ ਨੂੰ ਦਿਖਾਉਣਾ ਹੈ ਕਿ ਅਸੀਂ ਲੋਕਾਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖ ਸਕਦੇ ਹਾਂ।

ਚੈੱਕ ਗਣਰਾਜ ਦਾ ਕੋਚ ਖੇਡ ਪਿੰਡ 'ਚ ਪਾਜ਼ੇਟਿਵ

ਟੋਕੀਓ : ਚੈੱਕ ਗਣਰਾਜ ਦੇ ਬੀਚ ਵਾਲੀਬਾਲ ਕੋਚ ਸਾਈਮਨ ਨਾਸ਼ ਮੰਗਲਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ। ਉਹ ਓਲੰਪਿਕ ਖੇਡ ਪਿੰਡ ਵਿਚ ਵਾਇਰਸ ਨਾਲ ਪੀੜਤ ਹੋਣ ਵਾਲੇ ਪੰਜਵੇਂ ਵਿਅਕਤੀ ਹਨ। ਸੋਮਵਾਰ ਨੂੰ ਖੇਡ ਪਿੰਡ ਵਿਚ ਚੈੱਕ ਗਣਰਾਜ ਦੇ ਹੀ ਮਰਦ ਬੀਚ ਵਾਲੀਬਾਲ ਟੀਮ ਦੇ ਖਿਡਾਰੀ ਓਂਦਰੇਜ ਪੇਰੂਸਿਚ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਰੋਜ਼ਾਨਾ ਅਪਡੇਟ ਸੂਚੀ ਮੁਤਾਬਕ ਖੇਡਾਂ ਨਾਲ ਜੁੜੇ ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ ਹੁਣ 67 ਤਕ ਪੁੱਜ ਗਈ ਹੈ।

ਮਿਕੀ ਨਾਂ ਦੇ ਘੋੜੇ ਨਾਲ ਉਤਰਨਗੇ ਫਵਾਦ ਮਿਰਜ਼ਾ

ਬੈਂਗਲੁਰੂ : ਟੋਕੀਓ ਓਲੰਪਿਕ ਦੀ ਸ਼ੁਰੂਆਤ ਦੇ ਕੁਝ ਦਿਨ ਪਹਿਲਾਂ ਭਾਰਤੀ ਘੁੜਸਵਾਰ ਫਵਾਦ ਮਿਰਜ਼ਾ ਨੇ ਆਪਣਾ ਘੋੜਾ ਬਦਲਦੇ ਹੋਏ ਮਿਕੀ ਨਾਂ ਨਾਲ ਮਸ਼ਹੂਰ ਸੇਗਨੂਏਰ ਮੈਡੀਕੋਟ ਨੂੰ ਤਰਜੀਹ ਦਿੱਤੀ ਹੈ ਜਿਸ ਨਾਲ ਉਨ੍ਹਾਂ ਨੇ 2018 ਏਸ਼ਿਆਈ ਖੇਡਾਂ ਵਿਚ ਦੋ ਸਿਲਵਰ ਮੈਡਲ ਜਿੱਤੇ ਸਨ। ਇਸ ਤੋਂ ਪਹਿਲਾਂ ਮਿਰਜ਼ਾ ਨੇ ਐਲਾਨ ਕੀਤਾ ਸੀ ਕਿ ਉਹ ਟੋਕੀਓ ਖੇਡਾਂ ਵਿਚ ਦਜਾਰਾ-ਚਾਰ ਨਾਲ ਉਤਰਨਗੇ। ਮਿਰਜ਼ਾ ਟੋਕੀਓ ਓਲੰਪਿਕ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 29 ਜੁਲਾਈ ਤੋਂ ਕਰਨਗੇ।