ਬਿਊਨਸ ਆਇਰਸ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਚੈਂਪੀਅਨਸ਼ਿਪਾਂ ਦੇ ਰੁਕਣ ਦੇ ਲਗਭਗ ਇਕ ਸਾਲ ਬਾਅਦ ਅਰਜਨਟੀਨਾ ਦੌਰੇ ਨਾਲ ਖੇਡ ਦੇ ਪੱਧਰ ਦੇ ਬਾਰੇ ਪਤਾ ਲੱਗੇਗਾ। ਇਹ ਮਹਿਲਾ ਟੀਮ ਅੰਤਰਰਾਸ਼ਟਰੀ ਮੈਚਾਂ ਨੂੰ ਮੁੜ ਤੋਂ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਹਾਕੀ ਟੀਮ ਬਣੇਗੀ ਜਿਸ ਨੇ ਅਰਜਨਟੀਨਾ ਦੌਰੇ 'ਤੇ ਖੇਡੇ ਜਾਣ ਵਾਲੇ ਅੱਠ ਮੈਚਾਂ ਦੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਖੇਡਣਾ ਹੈ। ਰਾਣੀ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਖੇਡ ਨਾਲ ਜੁੜੇ ਲੋਕਾਂ ਲਈ ਇਕ ਅਜੀਬ ਤਰ੍ਹਾਂ ਦਾ ਸਮਾਂ ਰਿਹਾ ਹੈ ਪਰ ਅਸੀਂ ਜਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ ਉਸ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਅਹਿਸਾਸ ਸਭ ਤੋਂ ਚੰਗਾ ਹੈ। ਅਸੀਂ ਕੁਝ ਮਜ਼ਬੂਤ ਟੀਮਾਂ ਖ਼ਿਲਾਫ਼ ਖ਼ੁਦ ਨੂੰ ਪਰਖਣਾ ਚਾਹੁੰਦੇ ਹਾਂ ਤੇ ਇਹ ਵੀ ਸਮਝਣਾ ਚਾਹੁੰਦੇ ਹਾਂ ਕਿ ਫਿਲਹਾਲ ਸਾਡਾ ਪੱਧਰ ਕੀ ਹੈ।
ਟੋਕੀਓ ਓਲੰਪਿਕ ਦੀ ਤਿਆਰੀ ਵੱਲ ਵਧਾਂਗੇ :
ਰਾਣੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਪ੍ਰਤੀਯੋਗੀ ਹਾਕੀ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਵਿਚ ਇਹ ਦੌਰਾ ਸਾਡੇ ਲਈ ਅਸਲ ਵਿਚ ਮਹੱਤਵਪੂਰਨ ਹੈ। ਸਾਡੇ ਲਈ ਇਹ ਕਾਫੀ ਅਹਿਮ ਸਾਲ ਹੈ ਤੇ ਅਜਿਹੀਆਂ ਮਜ਼ਬੂਤ ਟੀਮਾਂ ਖ਼ਿਲਾਫ਼ ਸਖ਼ਤ ਮਿਹਨਤ ਕਰ ਕੇ ਅਸੀਂ ਟੋਕੀਓ ਓਲੰਪਿਕ ਲਈ ਬਿਹਤਰ ਤਿਆਰੀਆਂ ਕਰਨ ਦੇ ਆਪਣੇ ਟੀਚੇ ਵੱਲ ਵਧ ਸਕਾਂਗੇ। ਇਸ 26 ਸਾਲ ਦੀ ਖਿਡਾਰਨ ਨੇ ਕਿਹਾ ਕਿ ਅਸੀਂ ਹੁਣ ਓਲੰਪਿਕ ਸਾਲ ਦੇ ਮਹੱਤਵ ਨੂੰ ਸਮਝਦੇ ਹਾਂ ਪਰ ਲਗਭਗ ਇਕ ਸਾਲ ਤਕ ਚੈਂਪੀਅਨਸ਼ਿਪਾਂ ਤੋਂ ਦੂਰ ਰਹਿਣ ਕਾਰਨ ਲੈਅ ਹਾਸਲ ਕਰਨ ਵਿਚ ਸਮਾਂ ਲੱਗੇਗਾ।