ਲੁਸਾਨੇ (ਏਪੀ) : ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ 'ਤੇ ਚਾਰ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਅਗਲੇ ਚਾਰ ਸਾਲ ਤਕ ਕਿਸੇ ਵੀ ਤਰ੍ਹਾਂ ਦੇ ਮੁੱਖ ਖੇਡ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੇਗਾ। ਰੂਸ 'ਤੇ ਇਸ ਪਾਬੰਦੀ ਦਾ ਸਭ ਤੋਂ ਵੱਡਾ ਅਸਰ ਇਹ ਪਵੇਗਾ ਕਿ ਉਹ ਅਗਲੇ ਸਾਲ ਟੋਕੀਓ ਵਿਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਤੇ 2022 ਵਿਚ ਕਤਰ ਵਿਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ ਹੈ।

ਵਾਡਾ ਨੇ ਰੂਸ 'ਤੇ ਇਕ ਡੋਪਿੰਗ ਰੋਕੂ ਲੈਬਾਰਟਰੀ ਨੂੰ ਗ਼ਲਤ ਅੰਕੜੇ ਦੇਣ ਦੇ ਦੋਸ਼ ਲਾਏ ਤੇ ਇਸ ਕਾਰਨ ਉਸ 'ਤੇ ਇਹ ਪਾਬੰਦੀ ਲਾਈ ਗਈ ਹੈ। ਵਾਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਸਿਫ਼ਾਰਸ਼ਾਂ ਦੀ ਪੂਰੀ ਸੂਚੀ ਸਰਬਸੰਮਤੀ ਨਾਲ ਸਵੀਕਾਰ ਕਰ ਲਈ ਗਈ ਹੈ। ਵਾਡਾ ਦੀ ਕਾਰਜਕਾਰੀ ਕਮੇਟੀ ਨੇ ਸਵਿਟਜ਼ਰਲੈਂਡ ਵਿਚ ਹੋਈ ਮੀਟਿੰਗ ਵਿਚ ਇਕਮਤ ਹੋ ਕੇ ਇਸ ਦੇਸ਼ 'ਤੇ ਚਾਰ ਸਾਲ ਦੀ ਇਹ ਪਾਬੰਦੀ ਲਾਈ ਹੈ।

ਨਿਰਪੱਖ ਝੰਡੇ ਹੇਠ ਖੇਡ ਸਕਦੇ ਨੇ ਖਿਡਾਰੀ

ਇਸ ਪਾਬੰਦੀ ਦੇ ਬਾਵਜੂਦ ਡੋਪਿੰਗ ਤੋਂ ਕਲੀਨ ਚਿੱਟ ਹਾਸਲ ਰੂਸੀ ਖਿਡਾਰੀ ਨਿਰਪੱਖ ਝੰਡੇ ਹੇਠ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਸਕਣਗੇ। ਵਾਡਾ ਦੀ ਇਸ ਪਾਬੰਦੀ ਖ਼ਿਲਾਫ਼ ਰੂਸ ਅਗਲੇ 21 ਦਿਨ ਅੰਦਰ ਅਪੀਲ ਕਰ ਸਕਦਾ ਹੈ। ਜੇ ਉਹ ਅਜਿਹਾ ਕਰਦਾ ਹੈ ਤਾਂ ਮਾਮਲਾ ਖੇਡ ਟਿ੍ਬਿਊਨਲ ਨੂੰ ਭੇਜਿਆ ਜਾਵੇਗਾ।