ਚੇਨਈ (ਪੀਟੀਆਈ) : ਭਾਰਤੀ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੂੰ ਲਿਜੈਂਡ ਆਫ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਤੇ ਆਖ਼ਰੀ ਗੇੜ ਵਿਚ ਯੂਕਰੇਨ ਦੇ ਵੈਸਿਲ ਇਵਾਨਚੁਕ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਚੈਂਪੀਅਨਸ਼ਿਪ ਵਿਚ ਉਹ ਹੇਠਾਂ ਤੋਂ ਦੂਜੇ ਸਥਾਨ 'ਤੇ ਰਹੇ। ਆਨੰਦ ਨੇ ਟੂਰਨਾਮੈਂਟ ਵਿਚ ਖ਼ਰਾਬ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਅੱਠ ਹਾਰਾਂ ਦਾ ਸਾਹਮਣਾ ਕਰਨਾ ਪਿਆ। ਉਹ 10 ਖਿਡਾਰੀਆਂ ਵਿਚਾਲੇ ਨੌਵੇਂ ਸਥਾਨ 'ਤੇ ਰਹੇ। ਉਨ੍ਹਾਂ ਤੋਂ ਪਿੱਛੇ ਸਿਰਫ਼ ਗਰੈਂਡ ਮਾਸਟਰ ਪੀਟਰ ਲੇਕੋ ਰਹੇ ਜਿਨ੍ਹਾਂ ਨੇ ਆਖ਼ਰੀ ਸਥਾਨ ਹਾਸਲ ਕੀਤਾ। ਆਨੰਦ ਤੇ ਇਵਾਨਚੁਕ ਵਿਚਾਲੇ ਸਾਰੀਆਂ ਚਾਰ ਬਾਜ਼ੀਆਂ ਡਰਾਅ ਰਹੀਆਂ ਜਿਸ ਤੋਂ ਬਾਅਦ ਨਤੀਜੇ ਲਈ ਟਾਈਬ੍ਰੇਕਰ ਦਾ ਸਹਾਰਾ ਲੈਣਾ ਪਿਆ ਪਰ ਉਹ ਵੀ 59 ਚਾਲਾਂ ਤੋਂ ਬਾਅਦ ਬਰਾਬਰ ਰਿਹਾ। ਯੂਕਰੇਨ ਦਾ ਖਿਡਾਰੀ ਫ਼ੈਸਲਾਕੁਨ ਬਾਜ਼ੀ ਵਿਚ ਕਾਲੇ ਮੋਹਰਿਆਂ ਨਾਲ ਖੇਡਿਆ ਸੀ ਇਸ ਲਈ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ। ਆਨੰਦ ਸੱਤ ਮੈਚ ਅੰਕਾਂ ਨਾਲ ਨੌਵੇਂ ਸਥਾਨ 'ਤੇ ਰਹੇ।