ਲੰਡਨ (ਪੀਟੀਆਈ) : ਇੰਗਲੈਂਡ ਦੇ ਹਰਫ਼ਨਮੌਲਾ ਬੇਨ ਸਟੋਕਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ ਤਿੰਨ ਸਾਲ ਤੋਂ ਚੱਲੇ ਆ ਰਹੇ ਦਬਦਬੇ ਨੂੰ ਖ਼ਤਮ ਕਰ ਕੇ ਬੁੱਧਵਾਰ ਨੂੰ ਸਾਲ 2019 ਲਈ ਵਿਜ਼ਡਨ ਦਾ ਵਿਸ਼ਵ ਦਾ ਸਰਬੋਤਮ ਕ੍ਰਿਕਟਰ (ਵਿਜ਼ਡਨ ਲੀਡਿੰਗ ਕ੍ਰਿਕਟਰ ਇਨ ਦ ਵਰਲਡ) ਦਾ ਸਨਮਾਨ ਹਾਸਲ ਕੀਤਾ। ਸਟੋਕਸ ਨੇ ਇੰਗਲੈਂਡ ਨੂੰ ਪਿਛਲੇ ਸਾਲ ਪਹਿਲਾ ਵਿਸ਼ਵ ਕੱਪ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਹੈਡਿੰਗਲੇ ਐਸ਼ੇਜ਼ ਟੈਸਟ ਵਿਚ ਬਿਹਤਰੀਨ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਵਿਜ਼ਡਨ ਕ੍ਰਿਕਟਰਜ਼ ਅਲਮਾਨੈਕ ਨੇ 2020 ਦੇ ਆਪਣੇ ਐਡੀਸ਼ਨ ਵਿਚ 2019 ਦੇ ਪ੍ਰਦਰਸ਼ਨ ਲਈ ਸਟੋਕਸ ਨੂੰ ਇਹ ਸਨਮਾਨ ਦਿੱਤਾ ਜੋ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਸਾਲ ਤਕ ਕੋਹਲੀ ਨੂੰ ਮਿਲ ਰਿਹਾ ਸੀ। ਵਿਰਾਟ ਨੂੰ 2016, 2017 ਤੇ 2018 ਵਿਚ ਲਗਾਤਾਰ ਤਿੰਨ ਵਾਰ ਵਿਜ਼ਡਨ ਨੇ ਸਾਲ ਦਾ ਆਪਣਾ ਮੋਹਰੀ ਕ੍ਰਿਕਟਰ ਚੁਣਿਆ ਸੀ, ਜੋ ਇਕ ਰਿਕਾਰਡ ਹੈ। ਇਸ ਵਾਰ ਵਿਜ਼ਡਨ ਦੀ ਸਨਮਾਨ ਸੂਚੀ ਵਿਚ ਕੋਈ ਵੀ ਭਾਰਤੀ ਮਰਦ ਜਾਂ ਮਹਿਲਾ ਖਿਡਾਰੀ ਥਾਂ ਨਹੀਂ ਬਣਾ ਸਕਿਆ। ਸਟੋਕਸ ਨੇ ਪਹਿਲੀ ਵਾਰ ਇਹ ਸਨਮਾਨ ਹਾਸਲ ਕੀਤਾ ਹੈ। ਇਹ ਪੁਰਸਕਾਰ 2003 ਤੋਂ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਟੋਕਸ ਇਸ ਨੂੰ ਹਾਸਲ ਕਰਨ ਵਾਲੇ ਇੰਗਲੈਂਡ ਦੇ ਸਿਰਫ਼ ਦੂਜੇ ਕ੍ਰਿਕਟਰ ਹਨ। ਉਨ੍ਹਾਂ ਤੋਂ ਪਹਿਲਾਂ ਐਂਡਰਿਊ ਫਲਿੰਟਾਫ ਨੂੰ 2005 ਵਿਚ ਇਹ ਸਨਮਾਨ ਮਿਲਿਆ ਸੀ। ਵਿਜ਼ਡਨ ਨੇ ਇਸ ਤੋਂ ਇਲਾਵਾ ਆਸਟ੍ਰੇਲੀਆਈ ਹਰਫ਼ਨਮੌਲਾ ਏਲਿਸ ਪੈਰੀ ਨੂੰ ਵਿਸ਼ਵ ਦੀ ਸਰਬੋਤਮ ਮਹਿਲਾ ਕ੍ਰਿਕਟਰ ਚੁਣਿਆ ਹੈ। ਪੈਰੀ ਉਨ੍ਹਾਂ ਪੰਜ ਖਿਡਾਰੀਆਂ ਵਿਚ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਵਿਜ਼ਡਨ ਦਾ ਸਾਲ ਦਾ ਸਰਬੋਤਮ ਕ੍ਰਿਕਟਰ ਚੁਣਿਆ ਗਿਆ ਹੈ। ਪੈਰੀ ਨੂੰ ਇਸ ਤੋਂ ਪਹਿਲਾਂ 2016 ਵਿਚ ਵੀ ਵਿਜ਼ਡਨ ਨੇ ਸਰਬੋਤਮ ਮਹਿਲਾ ਕ੍ਰਿਕਟਰ ਚੁਣਿਆ ਸੀ। ਉਹ ਵਿਜ਼ਡਨ ਦੀਆਂ ਪੰਜ ਕ੍ਰਿਕਟਰਾਂ ਵਿਚ ਥਾਂ ਬਣਾਉਣ ਵਾਲੀ ਸੱਤਵੀਂ ਮਹਿਲਾ ਕ੍ਰਿਕਟਰ ਹਨ। ਵੈਸਟਇੰਡੀਜ਼ ਦੇ ਆਂਦਰੇ ਰਸੇਲ ਨੂੰ ਟੀ-20 ਦਾ ਸਰਬੋਤਮ ਕ੍ਰਿਕਟਰ ਚੁਣਿਆ ਗਿਆ ਹੈ।


ਵਿਜ਼ਡਨ ਪੁਰਸਕਾਰ :

ਵਿਸ਼ਵ ਦਾ ਸਰਬੋਤਮ ਮਰਦ ਕ੍ਰਿਕਟਰ : ਬੇਨ ਸਟੋਕਸ (ਇੰਗਲੈਂਡ)

ਵਿਸ਼ਵ ਦੀ ਸਰਬੋਤਮ ਮਹਿਲਾ ਕ੍ਰਿਕਟਰ : ਏਲਿਸ ਪੈਰੀ (ਆਸਟ੍ਰੇਲੀਆ)

ਟੀ-20 ਦਾ ਸਰਬੋਤਮ ਕ੍ਰਿਕਟਰ : ਆਂਦਰੇ ਰਸੇਲ (ਵੈਸਟਇੰਡੀਜ਼)

ਸਾਲ ਦੇ ਕ੍ਰਿਕਟਰ : ਪੈਟ ਕਮਿੰਸ, ਮਾਰਨਸ ਲਾਬੂਸ਼ਾਨੇ, ਏਲਿਸ ਪੈਰੀ (ਆਸਟ੍ਰੇਲੀਆ), ਜੋਫਰਾ ਆਰਚਰ (ਇੰਗਲੈਂਡ), ਸਿਮੋਨ ਹਾਰਪਰ (ਦੱਖਣੀ ਅਫਰੀਕਾ)

Posted By: Susheel Khanna