ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਕੋਰੋਨਾ ਮਹਾਮਾਰੀ ਕਾਰਨ ਇਕ ਸਾਲ ਤੋਂ ਵੀ ਵੱਧ ਸਮੇਂ ਤਕ ਬਾਹਰ ਰਹਿਣ ਤੋਂ ਬਾਅਦ ਅਗਲੇ ਮਹੀਨੇ ਰਿੰਗ 'ਚ ਵਾਪਸੀ ਕਰਨਗੇ ਤੇ ਉਨ੍ਹਾਂ ਖ਼ਿਲਾਫ਼ ਖੇਡਣ ਵਾਲੇ ਮੁੱਕੇਬਾਜ਼ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਵਾਰ ਇਹ ਮੁਕਾਬਲਾ ਅੱਠ ਰਾਊਂਡ ਦਾ ਖੇਡਿਆ ਜਾਵੇਗਾ। ਕੋਰੋਨਾ ਕਾਰਨ ਇਹ ਮੁਕਾਬਲਾ ਭਾਰਤ 'ਚ ਹੋਵੇਗਾ ਪਰ ਇਸ ਦੇ ਸਥਾਨ ਦੀ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ। ਵਿਜੇਂਦਰ ਦੇ ਪ੍ਰਮੋਟਰਸ ਉਨ੍ਹਾਂ ਖ਼ਿਲਾਫ਼ ਰਿੰਗ 'ਚ ਉਤਰਨ ਵਾਲੇ ਖਿਡਾਰੀ, ਤਰੀਕ ਤੇ ਸਥਾਨ ਨੂੰ ਆਖ਼ਰੀ ਰੂਪ ਦੇਣ 'ਚ ਲੱਗੇ ਹੋਏ ਹਨ ਤੇ ਵਿਜੇਂਦਰ ਪੇਸ਼ੇਵਰ ਮੁੱਕੇਬਾਜ਼ੀ 'ਚ 12-0 (ਅੱਠ ਨਾਕਆਊਟ ਜਿੱਤ) ਦੀ ਆਪਣੀ ਅਜੇਤੂ ਮੁਹਿੰਮ ਨੂੰ ਅੱਗੇ ਵਧਾਉਣ ਲਈ ਮਾਰਚ 'ਚ ਪੱਕੇ ਤੌਰ 'ਤੇ ਰਿੰਗ 'ਚ ਉਤਰਨਗੇ। ਵਿਜੇਂਦਰ ਨੇ ਕਿਹਾ, 'ਲੰਬੇ ਸਮੇਂ ਬਾਅਦ ਮੈਂ ਰਿੰਗ 'ਚ ਵਾਪਸੀ ਕਰਾਂਗਾ। ਮੈਂ ਵਾਪਸੀ ਲਈ ਇਸ ਸਾਲ ਜਨਵਰੀ ਤੋਂ ਹੀ ਪ੍ਰਰੈਕਟਿਸ ਕਰ ਰਿਹਾ ਹਾਂ ਤੇ ਉਮੀਦ ਹੈ ਕਿ ਮੇਰੀ ਵਾਪਸੀ ਚੰਗੀ ਰਹੇਗੀ। ਇਸ ਵਾਰ ਇਹ ਮੁਕਾਬਲਾ ਅੱਠ ਰਾਊਂਡ ਦਾ ਹੋਵੇਗਾ ਤੇ ਏਨੇ ਰਾਊਂਡ ਦਾ ਮੁਕਾਬਲਾ ਖੇਡਣ ਲਈ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ।'

ਇਸ ਮੁਕਾਬਲੇ ਦੇ ਨਾਲ ਹੀ ਨੌਜਵਾਨ ਤੇ ਹੁਨਰਮੰਦ ਮੁੱਕੇਬਾਜ਼ਾਂ ਦੇ ਵੀ ਆਪਸੀ ਮੁਕਾਬਲੇ ਹੋਣਗੇ। ਵਿਜੇਂਦਰ ਮੌਜੂਦਾ ਸਮੇਂ ਡਬਲਯੂਬੀਓ ਓਰੀਐਂਟਲ ਤੇ ਡਬਲਯੂਬੀਓ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਹਨ। ਉਨ੍ਹਾਂ ਨਵੰਬਰ 2019 'ਚ ਆਪਣਾ ਆਖ਼ਰੀ ਮੁਕਾਬਲਾ ਲੜਿਆ ਸੀ। ਇਹ ਵਿਜੇਂਦਰ ਦਾ ਭਾਰਤ 'ਚ ਪੰਜਵਾਂ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ, ਮੁੰਬਈ ਤੇ ਜੈਪੁਰ 'ਚ ਮੁਕਾਬਲੇ ਲੜ ਚੁੱਕੇ ਹਨ।

Posted By: Susheel Khanna