ਚੇਨਈ (ਪੀਟੀਆਈ) : ਭਾਰਤ ਦੇ ਮਹਾਨ ਟੈਨਿਸ ਖਿਡਾਰੀ ਵਿਜੇ ਅੰਮਿ੍ਤਰਾਜ ਦਾ ਮੰਨਣਾ ਹੈ ਕਿ ਪੇਸ਼ੇਵਰ ਟੂਰ ਦੇ ਮੁਲਤਵੀ ਹੋਣ ਨਾਲ ਟੈਨਿਸ ਦੇ ਬਿਗ ਥ੍ਰੀ 'ਤੇ ਕੋਈ ਅਸਰ ਨਹੀਂ ਪਵੇਗਾ ਪਰ ਅਸਲ ਸੰਘਰਸ਼ ਭਾਰਤੀਆਂ ਸਮੇਤ ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਲਈ ਹੈ। ਮਰਦਾਂ ਦਾ ਟੂਰ ਏਟੀਪੀ ਅਗਸਤ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗਾ ਤੇ ਮਹਿਲਾ ਟੂਰ ਡਬਲਯੂਟੀਏ 20 ਜੁਲਾਈ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਅੰਮਿ੍ਤਰਾਜ ਨੇ ਕਿਹਾ ਕਿ ਰੋਜਰ ਫੈਡਰਰ, ਨੋਵਾਕ ਜੋਕੋਵਿਕ ਤੇ ਰਾਫੇਲ ਨਡਾਲ ਨੂੰ ਆਰਥਕ ਘਾਟ ਜਾਂ ਅੱਗੇ ਵਧਣ ਦਾ ਦਬਾਅ ਮਹਿਸੂਸ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਪੈਸੇ ਜਾਂ ਏਟੀਪੀ ਅੰਕਾਂ ਨੂੰ ਲੈ ਕੇ ਕੋਈ ਦਬਾਅ ਨਹੀਂ ਹੋਵੇਗਾ। ਉਨ੍ਹਾਂ ਦੀ ਗਰੈਂਡ ਸਲੈਮ 'ਤੇ ਚੰਗੀ ਪਕੜ ਹੈ। ਉਨ੍ਹਾਂ ਨੇ ਇਤਿਹਾਸ ਰਚਿਆ ਹੈ। ਟੈਨਿਸ ਜਗਤ ਵਿਚ ਸਭ 'ਤੇ ਅਸਰ ਪਵੇਗਾ। ਵੱਖੋ-ਵੱਖ ਰੈਂਕਿੰਗ ਵਰਗ ਵਿਚ ਖਿਡਾਰੀਆਂ 'ਤੇ ਅਸਰ ਪਵੇਗਾ। ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਲਈ ਮਜ਼ਬੂਤ ਵਾਪਸੀ ਮੁਸ਼ਕਲ ਹੋਵੇਗੀ ਜਦਕਿ ਉਮਰਦਰਾਜ ਖਿਡਾਰੀਆਂ ਦਾ ਸਮਾਂ ਨਿਕਲਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖਿਡਾਰੀਆਂ 'ਤੇ ਵੀ ਉਸੇ ਤਰ੍ਹਾਂ ਅਸਰ ਪਵੇਗਾ ਜਿਵੇਂ ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ 'ਤੇ। ਤਾਮਿਲਨਾਡੂ ਟੈਨਿਸ ਸੰਘ ਦੇ ਪ੍ਰਧਾਨ ਅੰਮਿ੍ਤਰਾਜ ਨੇ ਕਿਹਾ ਕਿ ਟੈਨਿਸ ਸ਼ੁਰੂ ਹੋਣ 'ਤੇ ਵੀ ਦਰਸ਼ਕ ਮੈਦਾਨ 'ਤੇ ਨਹੀਂ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਤਾਂ ਮੈਦਾਨ 'ਤੇ ਦਰਸ਼ਕ ਦੇਖਣ ਨੂੰ ਨਹੀਂ ਮਿਲਣਗੇ। ਇਹ ਹਰ ਦੇਸ਼ ਦੇ ਹਾਲਾਤ 'ਤੇ ਨਿਰਭਰ ਹੋਵੇਗਾ।