ਨਾਗਪੁਰ : ਖੱਬੇ ਹੱਥ ਦੇ ਸਪਿਨਰ ਆਦਿਤਯ ਸਰਵਟੇ (6/59) ਤੇ ਆਫ਼ ਸਪਿਨਰ ਅਕਸ਼ੈ ਵਾਖਰੇ (3/37) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਵਿਦਰਭ ਨੇ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਵਿਦਰਭ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਵਿਦਰਭ ਨੇ ਸੌਰਾਸ਼ਟਰ ਦੇ ਸਾਹਮਣੇ ਜਿੱਤ ਲਈ 206 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਸੌਰਾਸ਼ਟਰ ਦੀ ਟੀਮ 127 ਦੌੜਾਂ 'ਤੇ ਢੇਰ ਹੋ ਕੇ ਮੈਚ 78 ਦੌੜਾਂ ਨਾਲ ਗੁਆ ਬੈਠੀ।

ਇਸ ਦੇ ਨਾਲ ਹੀ ਸੌਰਾਸ਼ਟਰ ਦਾ ਰਣਜੀ ਚੈਂਪੀਅਨ ਬਣਨ ਦਾ ਸੁਪਨਾ ਤੀਜੀ ਵਾਰ ਵੀ ਟੁੱਟ ਗਿਆ। ਉਥੇ, ਵਿਦਰਭ ਦੇ ਕਪਤਾਨ ਫੈਜ ਫਜਲ ਲਗਾਤਾਰ ਦੋ ਵਾਰ ਖ਼ਿਤਾਬ ਜਿੱਤਣ ਵਾਲੇ ਰਣਜੀ ਟਰਾਫੀ ਇਤਿਹਾਸ ਦੇ 11ਵੇਂ ਕਪਤਾਨ ਬਣ ਗਏ ਹਨ। ਬਾਪੂ ਨਾਦਕਰਨੀ ਨੇ ਮੁੰਬਈ ਲਈ ਲਗਾਤਾਰ ਤਿੰਨ ਵਾਰ ਖ਼ਿਤਾਬ ਜਿੱਤਿਆ ਹੈ, ਜੋ ਕਿ ਰਿਕਾਰਡ ਹੈ। ਇਸ ਤੋਂ ਪਹਿਲਾਂ ਵਿਦਰਭ ਨੇ ਪਹਿਲੀ ਪਾਰੀ 'ਚ 312 ਤੇ ਸੌਰਾਸ਼ਟਰ ਨੇ ਆਪਣੀ ਪਹਿਲੀ ਪਾਰੀ 'ਚ 307 ਦੌੜਾਂ ਦਾ ਸਕੋਰ ਬਣਾਇਆ ਸੀ, ਜਦਕਿ ਵਿਦਰਭ ਦੀ ਦੂਜੀ ਪਾਰੀ ਧਰਮਿੰਦਰ ਸਿੰਘ ਜਡੇਜਾ (6/96) ਦੇ ਸਾਹਮਣੇ ਸਿਰਫ 200 ਦੌੜਾਂ 'ਤੇ ਸਿਮਟ ਗਈ ਸੀ।

ਮੇਜਬਾਨ ਵਿਦਰਭ ਲਈ ਦੂਜੀ ਪਾਰੀ 'ਚ ਸਭ ਤੋਂ ਵੱਧ ਸਕੋਰ ਅਦਿਤਯ ਸਰਵਟੇ ਨੇ 49 ਦੌੜਾਂ ਦੇ ਰੂਪ 'ਚ ਬਣਾਇਆ ਸੀ, ਜੋ ਕਿ ਸੌਰਾਸ਼ਟਰ ਟੀਮ ਦੀ ਹਾਰ ਦੀ ਅਸਲੀ ਵਜ੍ਹਾ ਹੈ। ਮੇਜਬਾਨ ਵਿਦਰਭ ਤੋਂ ਮਿਲੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸੌਰਾਸ਼ਟਰ ਦੀ ਟੀਮ ਆਪਣੀ ਦੂਜੀ ਪਾਰੀ 'ਚ ਨਿਯਮਿਤ ਅੰਤਰਾਲ 'ਤੇ ਵਿਕਟ ਗੁਆਉਂਦੀ ਗਈ। ਟੀਮ ਨੇ 22 ਦੌੜਾਂ ਦੇ ਸਕੋਰ 'ਤੇ ਹੀ ਆਪਣੇ ਤਿੰਨ ਵਿਕਟ ਗੁਆ ਦਿੱਤੇ। ਸਰਵਟੇ ਨੇ ਤਿੰਨੇ ਵਿਕਟ ਆਪਣੇ ਨਾਂ ਕੀਤੇ। ਇਨ੍ਹਾਂ ਤਿੰਨ ਵਿਕਟਾਂ 'ਚ ਹਾਰਵਿਕ ਦੇਸਾਈ (08), ਸਨੇਲ ਪਟੇਲ (12) ਤੇ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (00) ਵੀ ਸ਼ਾਮਲ ਸਨ।

ਇਸ ਮਗਰੋਂ ਸੌਰਾਸ਼ਟਰ ਦੇ 34 ਦੇ ਸਕੋਰ 'ਤੇ ਅਰਪਿਤ ਵਸਾਵਦਾ (05) ਤੇ 55 ਦੇ ਸਕੋਰ 'ਤੇ ਸ਼ਾਲਡਨ ਜੈਕਸਨ (07) ਦਾ ਵੀ ਵਿਕਟ ਗੁਆ ਦਿੱਤਾ। ਚੌਥੇ ਦਿਨ ਦਾ ਖੇਡ ਖਤਮ ਹੋਣ ਦੇ ਸਮੇਂ ਵਿਸ਼ਵਰਾਜ ਜਡੇਜਾ 23 ਤੇ ਕਮਲੇਸ਼ ਮਕਵਾਨਾ ਦੋ ਦੋੜਾਂ ਬਣਾ ਕੇ ਅਜੇਤੂ ਸਨ। ਜਿੱਤ ਲਈ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੌਰਾਸ਼ਟਰ ਨੇ ਚੌਥੇ ਦਿਨ ਆਪਣੇ ਪੰਜ ਵਿਕਟ 58 ਦੌੜਾਂ 'ਤੇ ਗੁਆ ਦਿੱਤੇ ਸਨ।

ਉਥੇ ਉਸ ਨੂੰ ਪੰਜਵੇਂ ਦਿਨ ਜਿੱਤ ਲਈ 148 ਦੌੜਾਂ ਦੀ ਲੋੜ ਸੀ, ਪਰ ਉਹ ਇਹ ਰਨ ਨਹੀਂ ਬਣਾ ਸਕੀ। ਪੰਜਵੇਂ ਦਿਨ ਦੇ ਪਹਿਲੇ ਬੱਲੇਬਾਜ਼ ਦੇ ਰੂਪ 'ਚ ਮਕਵਾਨਾ (14) ਆਊਟ ਹੋਏ। ਉਨ੍ਹਾਂ ਨੂੰ ਸਰਵਟੇ ਨੇ ਆਪਣਾ ਸ਼ਿਕਾਰ ਬਣਾਇਆ। ਇਸ ਮਗਰੋਂ ਪ੍ੇਰਕ ਮਾਂਕੜ (02) ਨੂੰ ਵਾਖਰੇ ਤਾਂ ਵਿਸ਼ਵਰਾਜ ਜਡੇਜਾ (52) ਨੂੰ ਸਰਵਟੇ ਨੇ ਪੈਵੇਲੀਅਨ ਪਰਤ ਕੇ ਸੌਰਾਸ਼ਟਰ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ। ਜੈਦੇਵ ਉਨਾਦਕਤ (07) ਤੇ ਧਰਮਿੰਦਰ ਸਿੰਘ ਜਡੇਜਾ (17) ਵੀ ਜਲਦੀ ਪੈਵੇਲੀਅਨ ਪਰਤ ਗਏ ਤੇ ਵਿਦਰਭ ਨੇ ਲਗਾਤਾਰ ਦੂਜੀ ਵਾਰ ਰਣਜੀ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।

ਸੰਖੇਪ ਸਕੋਰ

ਵਿਦਰਭ (ਪਹਿਲੀ ਵਾਰੀ) : 312

ਸੌਰਾਸ਼ਟਰ (ਪਹਿਲੀ ਵਾਰੀ : 307

ਵਿਦਰਭ (ਦੂਜੀ ਪਾਰੀ) : 200

ਸੌਰਾਸ਼ਟਰ (ਦੂਜੀ ਪਾਰੀ) : 127 (58.4 ਓਵਰ, ਵਿਸ਼ਵਰਾਜ ਜਡੇਜਾ 52, ਆਦਿਤਯ ਸਰਵਟੇ 6/59)

ਸਭ ਤੋਂ ਵੱਧ ਰਣਜੀ ਖ਼ਿਤਾਬ ਜਿੱਤਣ ਵਾਲੇ ਖਿਡਾਰੀ

ਗਿਣਤੀ, ਖਿਡਾਰੀ

12, ਅਸ਼ੋਕ ਮਾਂਕੜ

11, ਅਜਿਤ ਵਾਡੇਕਰ

10, ਮਨੋਹਰ ਹਾਰਦੀਕਰ

10, ਦਿਲੀਪ ਸਰਦੇਸਾਈ

10, ਵਸੀਮ ਜਾਫ਼ਰ

ਜਾਫਰ ਦੀ ਟੀਮ ਦਾ ਫਾਈਨਲ 'ਚ ਪ੍ਰਦਰਸ਼ਨ

ਟੀਮ, ਸੈਸ਼ਨ, ਨਤੀਜਾ

ਮੁੰਬਈ, 1996-96, ਜਿੱਤ

ਮੁੰਬਈ, 1999-00, ਜਿੱਤ

ਮੁੰਬਈ, 2002-03, ਜਿੱਤ

ਮੁੰਬਈ, 2003-04, ਜਿੱਤ

ਮੁੰਬਈ, 2006-07, ਜਿੱਤ

ਮੁੰਬਈ, 2008-09, ਜਿੱਤ

ਮੁੰਬਈ, 2009-10, ਜਿੱਤ

ਮੁੰਬਈ, 2012-13, ਜਿੱਤ

ਵਿਦਰਭ, 2017-18, ਜਿੱਤ

ਵਿਦਰਭ, 2018-19, ਜਿੱਤ

ਨੰਬਰ ਗੇਮ

- 61 ਸੈਸ਼ਨ ਤਕ ਉਡੀਕ ਕਰਨੀ ਪਈ ਸੀ ਵਿਦਰਭ ਨੂੰ ਪਹਿਲਾ ਰਣਜੀ ਖ਼ਿਤਾਬ ਜਿੱਤਣ ਲਈ ਤੇ ਹੁਣ ਉਹ ਲਗਾਤਾਰ ਦੋ ਵਾਰ ਖ਼ਿਤਾਬ ਜਿੱਤ ਚੁੱਕਾ ਹੈ।

- 03 ਵਾਰ ਫਾਈਨਲ 'ਚ ਪੁੱਜ ਚੁੱਕਾ ਹੈ ਸੌਰਾਸ਼ਟਰ। ਤਿੰਨੇ ਹੀ ਵਾਰ ਉਸ ਨੂੰ ਉਪ ਜੇਤੂ ਬਣ ਕੇ ਸੰਤੋਖ ਕਰਨਾ ਪਿਆ। ਇਸ ਤੋਂ ਪਹਿਲਾਂ ਉਹ 2012-13 ਤੇ 2015-16 'ਚ ਵੀ ਫਾਈਨਲ 'ਚ ਪੁੱਜਾ ਸੀ ਤੇ ਉਦੋਂ ਦੋਵੇਂ ਵਾਰ ਮੁੰਬਈ ਨੇ ਖ਼ਿਤਾਬ ਜਿੱਤਿਆ ਸੀ।

- 12 ਵਾਰ ਹੁਣ ਆਦਿਤਯ ਸਰਵਟੇ ਪਹਿਲੀ ਸ਼੍ੇਣੀ ਕ੍ਰਿਕਟ 'ਚ ਪਾਰੀ 'ਚ ਪੰਜ ਜਾਂ ਜ਼ਿਆਦਾ ਵਿਕਟ ਲੈ ਚੁੱਕੇ ਹਨ। ਇਸ ਮੈਚ 'ਚ ਉਨ੍ਹਾਂ ਪਹਿਲੀ ਪਾਰੀ 'ਚ 98 ਦੌੜਾਂ ਦੇ ਕੇ ਪੰਜ ਤੇ ਦੂਜੀ ਪਾਰੀ 'ਚ 59 ਦੌੜਾਂ ਦੇ ਕੇ ਛੇ ਵਿਕਟਾਂ ਝਟਕੀਆਂ।

- 11 ਵਿਕਟਾਂ 157 ਦੌੜਾਂ ਦੇ ਕੇ ਮੈਚ 'ਚ ਲਈਆਂ ਆਦਿਤਯ ਸਰਵਟੇ ਨੇ। ਉਨ੍ਹਾਂ ਪਹਿਲੀ ਸ਼੍ੇਣੀ ਕ੍ਰਿਕਟ 'ਚ ਪਹਿਲੀ ਵਾਰ ਕਿਸੇ ਮੈਚ 'ਚ 10 ਜਾਂ ਜ਼ਿਆਦਾ ਵਿਕਟ ਹਾਸਲ ਕੀਤੇ।

* ਸਫਲਤਾ

* ਫਾਈਨਲ 'ਚ ਸੌਰਾਸ਼ਟਰ ਨੂੰ 78 ਦੌੜਾਂ ਨਾਲ ਦਿੱਤੀ ਹਾਰ

* ਸਰਵਟੇ ਨੇ ਦੂਜੀ ਪਾਰੀ 'ਚ ਝਟਕੀਆਂ ਛੇ ਵਿਕਟਾਂ

ਜਾਫਰ ਜਦੋਂ ਵੀ ਫਾਈਨਲ ਖੇਡੇ, ਉਨ੍ਹਾਂ ਦੀ ਟੀਮ ਨੇ ਜਿੱਤਿਆ ਖ਼ਿਤਾਬ

ਨਾਗਪੁਰ : ਵਿਦਰਭ ਦੀ ਜਿੱਤ ਦੇ ਨਾਲ ਇਕ ਗੱਲ 'ਤੇ ਫਿਰ ਮੋਹਰ ਲੱਗ ਗਈ ਕਿ ਇਕ ਖਿਡਾਰੀ ਜਦੋਂ-ਜਦੋਂ ਰਣਜੀ ਟਰਾਫੀ ਫਾਈਨਲ ਖੇਡਣ ਉਤਰੇਗਾ, ਜਿੱਤ ਉਸ ਦੀ ਟੀਮ ਨੂੰ ਹੀ ਮਿਲੇਗੀ। ਘਰੇਲੂ ਕ੍ਰਿਕਟ ਦਾ ਡਾਨ ਬਰੈਡਮੈਨ ਕਹੇ ਜਾਣ ਵਾਲੇ 40 ਸਾਲਾ ਵਸੀਮ ਜਾਫਰ ਨੇ ਇਹ ਕਰ ਵਿਖਾਇਆ ਹੈ। ਵਸੀਮ ਜਾਫਰ ਰਣਜੀ ਇਤਿਹਾਸ ਦੇ ਅਜਿਹੇ ਖਿਡਾਰੀ ਹਨ ਜੋ ਜਦੋਂ ਵੀ ਫਾਈਨਲ ਮੈਚ ਖੇਡੇ, ਜਿੱਤ ਉਨ੍ਹਾਂ ਦੀ ਟੀਮ ਨੂੰ ਹੀ ਹਾਸਲ ਹੋਈ। ਜਾਫਰ ਨੇ 10ਵਾਂ ਰਣਜੀ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਉਹ ਅੱਠ ਵਾਰ ਰਣਜੀ ਖ਼ਿਤਾਬ ਜਿੱਤਣ ਵਾਲੀ ਮੁੰਬਈ ਦੀ ਟੀਮ ਦੇ ਮੈਂਬਰ ਰਹੇ।

ਪਿਛਲੇ ਸਾਲ ਉਨ੍ਹਾਂ ਵਿਦਰਭ ਦਾ ਪੱਲਾ ਫੜਿਆ ਸੀ। ਵਿਦਰਭ ਦੀ ਟੀਮ 2017-18 ਰਣਜੀ ਸੈਸ਼ਨ 'ਚ ਪਹਿਲੀ ਵਾਰ ਫਾਈਨਲ 'ਚ ਪੁੱਜੀ ਤੇ ਖ਼ਿਤਾਬ ਜਿੱਤਣ 'ਚ ਸਫਲ ਰਹੀ। ਮੌਜੂਦਾ ਸੈਸ਼ਨ 'ਚ ਵੀ ਜਾਫਰ ਦੀ ਟੀਮ ਪਿਛਲੀ ਚੈਂਪੀਅਨ ਦੇ ਰੂਪ 'ਚ ਫਾਈਨਲ 'ਚ ਸੀ। ਜਾਫਰ ਦਾ ਬੱਲਾ ਸੌਰਾਸ਼ਟਰ ਖ਼ਿਲਾਫ਼ ਖ਼ਿਤਾਬੀ ਮੁਕਾਬਲੇ 'ਚ ਖਾਮੋਸ਼ ਰਿਹਾ। ਮੈਚ ਦੀ ਪਹਿਲੀ ਪਾਰੀ 'ਚ 23 ਤੇ ਦੂਜੀ 'ਚ 11 ਦੌੜਾਂ ਬਣਾ ਸਕੇ। ਉਨ੍ਹਾਂ ਦੇ ਨਾਂ ਇਸ ਸੈਸ਼ਨ 'ਚ ਚਾਰ ਸੈਂਕੜੇ ਸਮੇਤ ਕੁੱਲ 1037 ਦੌੜਾਂ ਰਹੇ। ਉਨ੍ਹਾਂ ਦੋ ਦੋਹਰੇ ਸੈਂਕੜੇ ਵੀ ਮਾਰੇ। ਉਹ ਰਣਜੀ ਇਤਿਹਾਸ 'ਚ ਦੋ ਵਾਰ ਇਕ ਸੈਸ਼ਨ 'ਚ ਇਕ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਦਾ ਕਾਰਨਾਮਾ ਕਰਨ ਵਾਲੇ ਪਹਿਲੇ ਖਿਡਾਰੀ ਵੀ ਬਣੇ। ਉਨ੍ਹਾਂ ਸਾਲ 2008-09 ਦੇ ਰਣਜੀ ਸੈਸ਼ਨ 'ਚ ਵੀ ਇਕ ਹਜ਼ਾਰ ਤੋਂ ਵਧ ਰਨ ਬਣਾਏ ਸਨ।

ਵਿਦਰਭ ਨੂੰ ਵੀਸੀਏ ਦੇਵੇਗਾ ਤਿੰਨ ਕਰੋੜ

ਮੁੰਬਈ : ਵਿਦਰਭ ਕ੍ਰਿਕਟ ਸੰਘ (ਵੀਸੀਏ) ਨੇ ਵੀਰਵਾਰ ਨੂੰ ਰਣਜੀ ਟਰਾਫੀ ਖ਼ਿਤਾਬ ਜਿੱਤਣ ਵਾਲੀ ਆਪਣੀ ਟੀਮ ਨੂੰ ਤਿੰਨ ਕਰੋੜ ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਦੇਣ ਦਾ ਐਲਾਨ ਕੀਤਾ। ਵੀਸੀਏ ਪ੍ਧਾਨ ਆਨੰਦ ਜਾਇਸਵਾਲ ਨੇ ਦੱਸਿਆ ਕਿ ਬੀਸੀਸੀਆਈ ਦੋ ਕਰੋੜ ਰੁਪਏ (ਇਨਾਮੀ ਰਾਸ਼ੀ ਦੇ ਰੂਪ 'ਚ) ਦੇਵੇਗਾ ਤੇ ਅਸੀਂ (ਵੀਸੀਏ) ਤਿੰਨ ਕਰੋੜ ਰੁਪਏ (ਟੀਮ ਨੂੰ) ਵਾਧੂ ਦੇਵਾਂਗੇ। ਜਾਇਸਵਾਲ ਨੇ ਅੱਗੇ ਕਿਹਾ ਕਿ 12 ਫਰਵਰੀ ਤੋਂ ਸ਼ਹਿਰ 'ਚ ਹੋਣ ਵਾਲੇ ਈਰਾਨੀ ਟਰਾਫੀ ਮੈਚ ਨੂੰ ਵੇਖਦੇ ਹੋਏ ਵੀਸੀਏ ਨੇ ਰਣਜੀ ਟਰਾਫੀ ਦੀ ਸਫਲਤਾ ਦੇ ਜਸ਼ਨ ਨੂੰ 'ਮੁਲਤਵੀ' ਕਰ ਦਿੱਤਾ ਹੈ।

ਵੀਸੀਏ ਮੁਖੀ ਨੇ ਕਿਹਾ ਕਿ ਅਸੀਂ ਸਨਮਾਨ ਸਮਾਰੋਹ ਦੀ ਤਰੀਕ ਤੈਅ ਕਰਾਂਗੇ ਤੇ ਇਸ ਪ੍ੋਗਰਾਮ ਦੌਰਾਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਰਣਜੀ ਟਰਾਫੀ ਦੇ ਇਤਿਹਾਸ 'ਚ ਵਿਦਰਭ ਸਿਰਫ ਛੇਵੀਂ ਟੀਮ ਹੈ ਜੋ ਆਪਣੇ ਖ਼ਿਤਾਬ ਦਾ ਬਚਾਅ ਕਰਨ 'ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਤੇ ਦਿੱਲੀ ਲਗਾਤਾਰ ਦੋ ਖ਼ਿਤਾਬ ਜਿੱਤ ਚੁੱਕੇ ਹਨ।

ਰਹਾਣੇ ਦੀ ਕਪਤਾਨੀ 'ਚ ਈਰਾਨੀ ਟਰਾਫੀ 'ਚ ਵਿਦਰਭ ਨਾਲ ਭਿੜੇਗੀ ਸ਼ੇਸ਼ ਭਾਰਤ ਟੀਮ

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 12 ਤੋਂ 16 ਫਰਵਰੀ ਤਕ ਨਾਗਪੁਰ 'ਚ ਹੋਣ ਵਾਲੇ ਈਰਾਨੀ ਟਰਾਫੀ ਲਈ ਵੀਰਵਾਰ ਨੂੰ ਸ਼ੇਸ਼ ਭਾਰਤ ਇਲੈਵਨ ਟੀਮ ਦਾ ਐਲਾਨ ਕਰ ਦਿੱਤਾ। ਅਜਿੰਕੇ ਰਹਾਣੇ ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਈਰਾਨੀ ਟਰਾਫੀ 'ਚ ਸ਼ੇਸ਼ ਭਾਰਤ ਨੂੰ ਰਣਜੀ ਟਰਾਫੀ ਚੈਂਪੀਅਨ ਵਿਦਰਭ ਨਾਲ ਖੇਡਣਾ ਹੈ।

ਵਿਦਰਭ ਨੇ ਵੀਰਵਾਰ ਨੂੰ ਹੀ ਸੌਰਾਸ਼ਟਰ ਨੂੰ ਹਰਾ ਕੇ ਰਣਜੀ ਟਰਾਫੀ 'ਚ ਆਪਣਾ ਖ਼ਿਤਾਬ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਨੇ ਸ਼ੇਸ਼ ਭਾਰਤ ਦਾ ਐਲਾਨ ਕੀਤਾ। ਰਹਾਣੇ ਨੂੰ ਕਪਤਾਨ ਬਣਾਏ ਜਾਣ ਤੋਂ ਇਲਾਵਾ ਰਣਜੀ ਟਰਾਫੀ 'ਚ ਸ਼ਾਨਦਾਰ ਪ੍ਦਰਸ਼ਨ ਕਰਨ ਵਾਲੇ ਧਰਮਿੰਦਰ ਸਿੰਘ ਜਡੇਜਾ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਸ਼ੇਸ਼ ਭਾਰਤ ਟੀਮ ਦਾ ਐਲਾਨ ਕਰਨ ਤੋਂ ਇਲਾਵਾ ਇੰਗਲੈਂਡ ਲਾਇਨਜ਼ ਨਾਲ ਹੋਣ ਵਾਲੇ ਦੂਜੇ ਚਾਰ ਰੋਜ਼ਾ ਗ਼ੈਰ ਅਧਿਕਾਰਿਕ ਟੈਸਟ ਮੈਚ ਲਈ ਭਾਰਤ-ਏ ਦੀ ਟੀਮ ਦਾ ਵੀ ਐਲਾਨ ਕੀਤਾ ਹੈ। ਗ਼ੈਰ ਅਧਿਕਾਰਿਕ ਟੈਸਟ ਮੈਚ ਲਈ ਲੋਕੇਸ਼ ਰਾਹੁਲ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

ਟੀਮਾਂ :

ਸ਼ੇਸ਼ ਭਾਰਤ : ਅਜਿੰਕੇ ਰਹਾਣੇ (ਕਪਤਾਨ), ਮਯੰਕ ਅਗਰਵਾਲ, ਅਨਮੋਲਪ੍ਰੀਤ ਸਿੰਘ, ਹਨੂੰਮਾ ਵਿਹਾਰੀ, ਸ਼੍ੇਅਸ ਅੱਯਰ, ਈਸ਼ਾਨ ਕਿਸ਼ਨ (ਵਿਕਟਕੀਪਰ), ਕ੍ਰਿਸ਼ਨਾਪਾ ਗੌਤਮ, ਧਰਮਿੰਦਰ ਸਿੰਘ ਜਡੇਜਾ, ਰਾਹੁਲ ਚਾਹਰ, ਅੰਕਿਤ ਰਾਜਪੂਤ, ਤਨਵੀਰ ਉਲ ਹਕ, ਰੋਨਿਤ ਮੋਰੇ, ਸੰਦੀਪ ਵਾਰੀਅਰ, ਰਿੰਕੂ ਸਿੰਘ, ਸਨੇਹ ਪਟੇਲ।

ਭਾਰਤ-ਏ : ਲੋਕੇਸ਼ ਰਾਹੁਲ (ਕਪਤਾਨ), ਏਆਰ ਈਸ਼ਵਰਨ, ਪਿ੍ਯਾਂਕ ਪਾਂਚਾਲ, ਅੰਕਿਤ ਬਵਾਨੇ, ਕਰੁਣ ਨਾਇਰ, ਰਿਕੀ ਭੁਈ, ਸਿੱਧੇਸ਼ ਲਾਡ, ਕੇਐੱਸ ਭਰਤ (ਵਿਕਟਕੀਪਰ), ਸ਼ਹਿਬਾਜ ਨਦੀਮ, ਜਲਜ ਸਕਸੈਨਾ, ਮਯੰਕ ਮਾਰਕਡੇਅ, ਸ਼ਾਰਦੁਲ ਠਾਕੁਰ, ਨਵਦੀਪ ਸੈਨੀ, ਵਰੁਣ ਆਰੋਨ।