ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਥਾਮਸ ਕੱਪ ਦੇ 73 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਭਾਰਤੀ ਟੀਮ ਨੂੰ ਇਹ ਜਿੱਤ ਦਿਵਾਉਣ ਵਿਚ ਸਾਤਵਿਕਸਾਈਰਾਜ ਰੇਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋਡ਼ੀ ਦਾ ਵੀ ਅਹਿਮ ਯੋਗਦਾਨ ਰਿਹਾ, ਜੋ ਪਛਡ਼ ਕੇ ਵਾਪਸ ਆ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਗਏ। ਇਸ ਜੋਡ਼ੀ ਦੇ ਚਿਰਾਗ ਸ਼ੈਟੀ ਦਾ ਮੰਨਣਾ ਹੈ ਕਿ ਇਸ ਜਿੱਤ ਤੋਂ ਬਾਅਦ ਲੋਕ ਡਬਲਜ਼ ਨੂੰ ਵੀ ਜ਼ਿਆਦਾ ਮਹੱਤਵ ਦੇਣਗੇ। ਅਭਿਸ਼ੇਕ ਤ੍ਰਿਪਾਠੀ ਨੇ ਚਿਰਾਗ ਸ਼ੈੱਟੀ ਨਾਲ ਖਾਸ ਗੱਲਬਾਤ ਕੀਤੀ।

ਪੇਸ਼ ਹਨ ਮੁੱਖ ਅੰਸ਼:-

-ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ, ਕਿਵੇਂ ਰਹੀ?

ਜਵਾਬ-ਜਿੱਤ ਤੋਂ ਬਾਅਦ ਮੰਚ ਤੋਂ ਉਤਰਨ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਸਾਨੂੰ ਬੁਲਾਇਆ ਜਾਣਾ ਬਹੁਤ ਪ੍ਰੇਰਨਾਦਾਇਕ ਸੀ। ਅਸਲ ਵਿਚ ਮੈਂ ਸੋਚਦਾ ਹਾਂ ਕਿ ਮੈਂ ਕਦੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਟੀਮ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਰਦੇ ਨਹੀਂ ਸੁਣਿਆ ਹੈ। ਮੈਨੂੰ ਲਗਦਾ ਹੈ ਕਿ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਸਾਧਾਰਨ ਕੰਮ ਹੈ ਜੋ ਅਸਲ ਵਿਚ ਭਾਰਤੀ ਖੇਡਾਂ ਲਈ ਬਹੁਤ ਦਿਲਚਸਪ ਹੈ। ਇਹ ਭਾਰਤ ਵਿਚ ਖੇਡਾਂ ਲਈ ਇਕ ਚੰਗਾ ਸੰਕੇਤ ਹੈ।

ਸਵਾਲ-ਤਾਂ ਏਅਰ ਇੰਡੀਆ ਦਾ ਚਾਰਟਰ ਮਿਲਿਆ (ਚਿਰਾਗ ਨੇ ਜਿੱਤ ਤੋਂ ਬਾਅਦ ਮਜ਼ਾਕ ਵਿਚ ਕਿਹਾ ਸੀ ਕਿ ਭਾਰਤ ਜਾਣ ਲਈ ਏਅਰ ਇੰਡੀਆ ਚਾਰਟਰ ਉਪਲਬੱਧ ਕਰਵਾਏ)?

ਜਵਾਬ--ਮੈਨੂੰ ਲਗਦਾ ਹੈ ਕਿ ਇਹ ਕਹਿਣਾ ਬਹੁਤ ਵਧੀਆ ਮਜ਼ਾਕ ਹੈ, ਪਰ ਏਅਰ ਇੰਡੀਆ ਅਸਲ ਵਿਚ ਸਾਨੂੰ ਚਾਰਟਰਡ ਫਲਾਈਟ ’ਤੇ ਘਰ ਵਾਪਸ ਨਹੀਂ ਭੇਜ ਰਹੀ ਹੈ।

ਸਵਾਲ-2018 ਰਾਸ਼ਟਰਮੰਡਲ ਖੇਡਾਂ ਵਿਚ ਵੀ ਤੁਸੀਂ ਅਤੇ ਸਾਤਵਿਕ ਨੇ ਮਿਕਸਡ ਟੀਮ ਈਵੈਂਟ ਵਿਚ ਸੋਨ ਤਗਮਾ ਅਤੇ ਪੁਰਸ਼ ਡਬਲਜ਼ ਵਿਚ ਕਾਂਸੀ ਦਾ ਤਗਮਾ ਜਿੱਤਿਆ। ਤੁਸੀਂ ਇਸ ਸਫਰ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ?

ਜਵਾਬ--ਮੈਨੂੰ ਲਗਦਾ ਹੈ ਕਿ 2018 ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਦਾ ਸਫ਼ਰ ਅਸਲ ਵਿਚ ਵਧੀਆ ਰਿਹਾ ਹੈ, ਇਕ ਜੋਡ਼ੀ ਵਜੋਂ ਸਾਡਾ ਕਾਫੀ ਵਿਕਾਸ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਇਹ ਜਿੱਤ ਹਾਸਲ ਕੀਤੀ ਹੈ ਜੋ ਸਾਡੇ ਲਈ ਵਿਅਕਤੀਗਤ ਤੌਰ ’ਤੇ ਹੀ ਨਹੀਂ ਬਲਕਿ ਭਾਰਤੀ ਬੈਡਮਿੰਟਨ ਲਈ ਵੀ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਡਬਲਜ਼ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਵੇਗਾ ਅਤੇ ਹੁਣ ਲੋਕ ਡਬਲਜ਼ ਨੂੰ ਸਿੰਗਲਜ਼ ਦੇ ਬਰਾਬਰ ਰੱਖਣਗੇ।

ਸਵਾਲ-ਥਾਮਸ ਕੱਪ ਜਿੱਤਣਾ ਕਿੰਨਾ ਮਹੱਤਵਪੂਰਨ ਹੈ?

ਜਵਾਬ--ਇਹ ਭਾਰਤ ਲਈ ਅਤੇ ਨਿੱਜੀ ਤੌਰ ’ਤੇ ਮੇਰੇ ਲਈ ਵੀ ਬਹੁਤ ਮਹੱਤਵਪੂਰਨ ਜਿੱਤ ਹੈ। ਮੈਨੂੰ ਲੱਗਦਾ ਹੈ ਕਿ ਜਿਸ ਦਿਨ ਅਸੀਂ ਉਸ ਟਰਾਫੀ ਨੂੰ ਚੁੱਕਿਆ ਉਹ ਸੱਚਮੁੱਚ ਮੇਰੀ ਜ਼ਿੰਦਗੀ ਦੇ ਸਭ ਤੋਂ ਖੁਸ਼ਹਾਲ ਦਿਨਾਂ ਵਿਚੋਂ ਇਕ ਸੀ। ਮੈਨੂੰ ਲੱਗਦਾ ਹੈ ਕਿ ਇਹ ਨਾ ਸਿਰਫ਼ ਭਾਰਤੀ ਬੈਡਮਿੰਟਨ ਲਈ, ਸਗੋਂ ਭਾਰਤੀ ਖੇਡਾਂ ਲਈ ਵੀ ਬਹੁਤ ਵਧੀਆ ਹੈ। ਇਕ ਭਾਰਤੀ ਹੋਣ ਦੇ ਨਾਤੇ ਕਈ ਟੀਮ ਈਵੈਂਟ ਹਨ ਜਿਨ੍ਹਾਂ ਵਿਚ ਤੁਸੀਂ ਵਿਸ਼ਵ ਚੈਂਪੀਅਨ ਬਣਨ ਦਾ ਦਾਅਵਾ ਨਹੀਂ ਕਰ ਸਕਦੇ। ਇਸ ਲਈ ਇਹ ਵਾਸਤਵ ’ਚ ਭਾਰਤ ਲਈ ਜਿੱਤ ਹੈ।

Posted By: Sandip Kaur