ਨਿਊਯਾਰਕ (ਏਪੀ) : ਰੂਸ ਦੀ ਵੇਰਾ ਜਵੋਨਾਰੇਵਾ ਤੇ ਲੌਰਾ ਸੀਜੇਮੰਡ ਨੇ ਯੂਐੱਸ ਓਪਨ ਮਹਿਲਾ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖੇਡੇ ਗਏ ਫਾਈਨਲ ਵਿਚ ਦੋਵਾਂ ਨੇ ਤੀਜਾ ਦਰਜਾ ਹਾਸਲ ਸ਼ੂ ਯਿਫਾਨ ਤੇ ਨਿਕੋਲ ਮੇਲਿਚਾਰ ਨੂੰ ਲਗਾਤਾਰ ਸੈੱਟਾਂ ਵਿਚ 79 ਮਿੰਟ ਦੇ ਫਾਈਨਲ ਵਿਚ 6-4, 6-4 ਨਾਲ ਮਾਤ ਦਿੱਤੀ। 36 ਸਾਲ ਦੀ ਜਵੋਨਾਰੇਵਾ ਇਸ ਤੋਂ ਪਹਿਲਾਂ 2006 ਵਿਚ ਨਤਾਲੀ ਡੇਚੀ ਦੇ ਨਾਲ ਵੀ ਯੂਐੱਸ ਓਪਨ ਮਹਿਲਾ ਡਬਲਜ਼ ਚੈਂਪੀਅਨ ਬਣੀ ਸੀ ਜਦਕਿ 2010 ਵਿਚ ਉਹ ਸਿੰਗਲਜ਼ ਵਿਚ ਉੱਪ ਜੇਤੂ ਰਹੀ ਸੀ। ਦੋਵਾਂ ਨੇ ਟੂਰਨਾਮੈਂਟ ਤੋਂ ਠੀਕ ਪਹਿਲਾਂ ਹੀ ਇਕੱਠੇ ਖੇਡਣ ਦਾ ਫ਼ੈਸਲਾ ਕੀਤਾ ਸੀ ਤੇ ਉਨ੍ਹਾਂ ਨੂੰ ਕੋਈ ਦਰਜਾ ਵੀ ਨਹੀਂ ਮਿਲਿਆ ਸੀ। 2006 ਵਿਚ ਮਹਿਲਾ ਡਬਲਜ਼ ਚੈਂਪੀਅਨ ਰਹੀ ਜਵੋਨਾਰੇਵਾ ਦੇ ਮੋਢੇ ਦੀ ਸਰਜਰੀ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਇਸ ਵਿਚਾਲੇ ਇਕ ਧੀ ਨੂੰ ਵੀ ਜਨਮ ਦਿੱਤਾ। ਉਹ 2012 ਆਸਟ੍ਰੇਲੀਅਨ ਓਪਨ ਵਿਚ ਮਹਿਲਾ ਡਬਲਜ਼ ਦਾ ਖ਼ਿਤਾਬ ਵੀ ਜਿੱਤ ਚੁੱਕੀ ਹੈ। ਜਵੋਨਾਰੇਵਾ ਨੇ ਕਿਹਾ ਕਿ ਇਹ ਦੋ ਹਫ਼ਤੇ ਮੇਰੇ ਲਈ ਬਹੁਤ ਖ਼ਾਸ ਰਹੇ ਹਨ ਕਿਉਂਕਿ ਮੈਂ ਕਾਫੀ ਸਮੇਂ ਤੋਂ ਟੂਰ ਤੋਂ ਬਾਹਰ ਸੀ। ਮੈਂ ਲਗਾਤਾਰ ਮੈਚ ਨਹੀਂ ਖੇਡੇ। ਉਥੇ ਮਰਦ ਡਬਲਜ਼ ਵਿਚ ਕ੍ਰੋਏਸ਼ੀਆ ਦੇ ਮੇਟ ਪੇਵਿਕ ਤੇ ਉਨ੍ਹਾਂ ਦੇ ਬ੍ਰਾਜ਼ੀਲੀ ਜੋੜੀਦਾਰ ਬਰੂਨੋ ਸੋਅਰੇਸ ਨੇ ਸਿੱਧੇ ਸੈੱਟਾਂ ਵਿਚ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਕ ਤੇ ਨੀਦਰਲੈਂਡ ਦੇ ਵੇਸਲੀ ਕੁਲਹੋਫ ਨੂੰ 7-5, 6-3 ਨਾਲ ਮਾਤ ਦੇ ਕੇ ਖ਼ਿਤਾਬ ਆਪਣੇ ਨਾਂ ਕੀਤਾ।