ਵਾਸ਼ਿੰਗਟਨ (ਏਪੀ) : ਅਮਰੀਕੀ ਦਿੱਗਜ ਮਹਿਲਾ ਖਿਡਾਰਨ ਵੀਨਸ ਵਿਲੀਅਮਜ਼ ਪੱਛਮੀ ਵਰਜੀਨੀਆ ਵਿਚ 12 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਟੀਮ ਟੈਨਿਸ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਹ 15ਵਾਂ ਮੌਕਾ ਹੋਵੇਗਾ ਜਦ ਵਿਸ਼ਵ ਦੀ ਇਹ ਸਾਬਕਾ ਨੰਬਰ ਇਕ ਖਿਡਾਰਨ ਇਸ ਟੂਰਨਾਮੈਂਟ ਵਿਚ ਖੇਡੇਗੀ। ਵੀਨਸ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਨੌਂ ਟੀਮਾਂ ਵਿਚੋਂ ਵਾਸ਼ਿੰਗਟਨ ਕੈਸਟਲਜ਼ ਦੀ ਨੁਮਾਇੰਦਗੀ ਕਰੇਗੀ। ਇਹ ਟੂਰਨਾਮੈਂਟ ਤਿੰਨ ਹਫ਼ਤੇ ਤਕ ਚੱਲੇਗਾ। ਇਸ ਚੈਂਪੀਅਨਸ਼ਿਪ ਦੇ ਮੈਚ ਆਮ ਤੌਰ 'ਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਚ ਖੇਡੇ ਜਾਂਦੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਇਸ ਵਾਰ ਇਸ ਟੂਰਨਾਮੈਂਟ ਨੂੰ ਇਕ ਥਾਂ 'ਤੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵੀਨਸ ਨੇ ਆਪਣੇ ਕਰੀਅਰ ਵਿਚ ਸੱਤ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ ਜਿਨ੍ਹਾਂ ਵਿਚੋਂ ਪੰਜ ਵਿੰਬਲਡਨ ਤੇ ਦੋ ਯੂਐੱਸ ਓਪਨ ਦੇ ਖ਼ਿਤਾਬ ਸ਼ਾਮਲ ਹਨ। ਉਨ੍ਹਾਂ ਨੇ ਆਪਣੀ ਛੋਟੀ ਭੈਣ ਸੇਰੇਨਾ ਦੇ ਨਾਲ ਮਿਲ ਕੇ 14 ਮਹਿਲਾ ਡਬਲਜ਼ ਗਰੈਂਡ ਸਲੈਮ ਖ਼ਿਤਾਬ ਵੀ ਜਿੱਤੇ ਹਨ। ਵਿਸ਼ਵ ਟੀਮ ਟੈਨਿਸ ਦੇ ਆਊਟਡੋਰ ਕੋਰਟ 'ਤੇ ਖੇਡੇ ਜਾਣ ਵਾਲੇ ਹਰੇਕ ਮੈਚ ਵਿਚ 500 ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਇੰਡੋਰ ਕੋਰਟ ਵਿਚ ਸਿਰਫ਼ 200 ਦਰਸ਼ਕਾਂ ਤੇ 50 ਕਰਮਚਾਰੀਆਂ ਨੂੰ ਹੀ ਆਉਣ ਦੀ ਇਜਾਜ਼ਤ ਮਿਲੇਗੀ।