ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਾਸ਼ਟਰੀ ਰਾਇਫਲ ਸੰਘ (ਐੱਨਆਰਏਆਈ) ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੂੰ ਓਲੰਪਿਕ ਲਈ ਟੋਕੀਓ ਕੁਆਲੀਫਾਈ ਕਰ ਚੁੱਕੇ ਨਿਸ਼ਾਨੇਬਾਜ਼ਾਂ ਨੂੰ ਜਲਦ ਵੈਕਸੀਨ ਲਗਾਉਣ ਦੀ ਮੰਗ ਕੀਤੀ ਹੈ। ਦੇਸ਼ 'ਚ ਕੋਰੋਨਾ ਦੇ ਵਧਦੇ ਕੇਸਾਂ ਤੋਂ ਚਿੰਤਤ ਐੱਨਆਰਏਆਈ ਚਾਹੁੰਦਾ ਹੈ ਕਿ ਉਸ ਦੇ ਨਿਸ਼ਾਨੇਬਾਜ਼ਾਂ ਨੂੰ ਜਲਦ ਹੀ ਟੀਕਾ ਲਗਾਇਆ ਜਾਵੇ। ਐੱਨਆਰਏਆਈ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਮਹਾਸੰਘ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਨਿਸ਼ਾਨੇਬਾਜ਼ਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਾਈ ਜਾਵੇ। ਉਸ ਨੇ ਮੁੜ ਤੋਂ ਸਰਕਾਰ ਨੂੰ ਆਪਣੇ ਨਿਸ਼ਾਨੇਬਾਜ਼ਾਂ ਨੂੰ ਵੈਕਸੀਨ ਲਗਾਉਣ ਦੀ ਬੇਨਤੀ ਕੀਤੀ ਹੈ। ਅਸੀਂ ਸਮਝਦੇ ਹਾਂ ਕਿ ਇਹ ਇਕ ਵਿਅਕਤੀਗਤ ਪਸੰਦ ਦਾ ਮਾਮਲਾ ਹੈ, ਜੇ ਸਰਕਾਰ ਇਸ 'ਚ ਅੱਗੇ ਵਧਦੀ ਹੈ ਅਤੇ ਅਥਲੀਟਾਂ ਨੂੰ ਸਮਝਾਉਣ 'ਚ ਸਮਰਥ ਹੁੰਦੀ ਹੈ ਤਾਂ ਉਹ ਅੱਗੇ ਆਉਣਗੇ ਤੇ ਵੈਕਸੀਨ ਲਗਵਾਉਣਗੇ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਇਸ ਸਮੇਂ ਕੋਈ ਦੂਸਰਾ ਰਸਤਾ ਨਹੀਂ ਹੈ।

ਇਸ ਤੋਂ ਪਹਿਲਾਂ ਓਲੰਪਿਕ ਲਈ ਚੁਣੇ ਗਏ ਤਿੰਨ ਨਿਸ਼ਾਨੇਬਾਜ਼ਾਂ ਦੇ ਕੋਰੋਨਾ ਦੀ ਲਪੇਟ 'ਚ ਆਉਣ ਨਾਲ ਐੱਨਆਰਏਆਈ ਨੂੰ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਰਾਇਫਲ ਟੀਮ ਦੇ ਕੌਮੀ ਕੈਂਪ ਨੂੰ ਰੱਦ ਕਰਨਾ ਪਿਆ।