ਟੋਕੀਓ (ਏਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਟੋਕੀਓ ਦੇ ਦੌਰੇ ਦੌਰਾਨ ਕਿਹਾ ਕਿ ਉਹ ਓਲੰਪਿਕ ਦੇ ਸਾਰੇ ਹਿੱਸੇਦਾਰਾਂ ਤੇ ਪ੍ਰਸ਼ੰਸਕਾਂ ਨੂੰ ਕੋਵਿਡ-19 ਦੀ ਵੈਕਸੀਨ ਲੈਣ ਲਈ ਪ੍ਰੇਰਿਤ ਕਰ ਰਹੇ ਹਨ, ਜੇ ਇਹ ਤਦ ਤਕ ਉਪਲੱਬਧ ਹੋ ਜਾਂਦੀ ਹੈ। ਬਾਕ ਨੇ ਕਿਹਾ ਕਿ ਜੇ ਹਿੱਸੇਦਾਰਾਂ ਤੇ ਪ੍ਰਸ਼ੰਸਕਾਂ ਨੇ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਹਿੱਸਾ ਲੈਣਾ ਹੈ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਲੈਂਦੇ ਹੋਏ ਵੈਕਸੀਨ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿੱਥੇ ਤਕ ਸੰਭਵ ਹੋਵੇ, ਓਨੇ ਵਿਦੇਸ਼ੀ ਹਿੱਸੇਦਾਰਾਂ ਨੂੰ ਵੈਕਸੀਨ ਸਵੀਕਾਰ ਕਰਨ ਲਈ ਮਨਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਮੰਗਲਵਾਰ ਨੂੰ ਅਥਲੀਟ ਪਿੰਡ ਦਾ ਵੀ ਦੌਰਾ ਕੀਤਾ ਤੇ ਨਾਲ ਹੀ ਉਹ ਮੱਧ ਟੋਕੀਓ ਵਿਚ ਰਾਸ਼ਟਰੀ ਸਟੇਡੀਅਮ ਵਿਚ ਵੀ ਗਏ। ਬਾਕ ਨੇ ਓਲੰਪਿਕ ਖਿਡਾਰੀਆਂ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੈਕਸੀਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਪਿਛਲੇ ਮਹੀਨੇ ਆਈਓਸੀ ਅਥਲੀਟ ਕਮਿਸ਼ਨ ਦੇ ਨਾਲ ਆਨਲਾਈਨ ਸੈਸ਼ਨ ਵਿਚ ਬਾਕ ਤੋਂ ਪੁੱਛਿਆ ਗਿਆ ਸੀ ਕਿ ਕੀ ਖਿਡਾਰੀਆਂ ਨੂੰ ਵੈਕਸੀਨ ਲੈਣ ਲਈ ਮਜਬੂਰ ਕੀਤਾ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਹਰੇਕ ਖਿਡਾਰੀ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣਾ ਚਾਹੀਦਾ ਹੈ ਤੇ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਵੈਕਸੀਨੇਸ਼ਨ ਕਿਸੀ ਇਕ ਵਿਅਕਤੀ ਲਈ ਨਹੀਂ ਹੈ ਬਲਕਿ ਇਹ ਪੂਰੇ ਸਮੂਹ ਦੀ ਸੁਰੱਖਿਆ ਬਾਰੇ ਹੈ ਤੇ ਮੈਨੂੰ ਲਗਦਾ ਹੈ ਕਿ ਇਸ ਮੁਸ਼ਕਲ ਦੌਰ ਵਿਚ ਹਰੇਕ ਦੀ ਇਕ ਜ਼ਿੰਮੇਵਾਰੀ ਹੈ ਤੇ ਇਹ ਨਿੱਜੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਸਾਡੇ ਹਰ ਪਾਸੇ ਲੋਕਾਂ ਤੇ ਸਾਡੀ ਟੀਮ ਸਾਥੀ ਮੈਂਬਰਾਂ, ਸਾਥੀ ਓਲੰਪੀਅਨਾਂ ਦੀ ਜ਼ਿੰਮੇਵਾਰੀ ਹੈ।