ਨਿਊਯਾਰਕ (ਏਪੀ) : ਸੇਰੇਨਾ ਵਿਲੀਅਮਜ਼ ਗਿੱਟੇ ਦੀ ਸੱਟ ਕਾਰਨ ਇੱਥੇ ਸ਼ਾਨਦਾਰ ਸ਼ੁਰੂਆਤ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੀ ਜਿਸ ਨਾਲ ਉਨ੍ਹਾਂ ਨੂੰ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਵਿਕਟੋਰੀਆ ਅਜਾਰੇਂਕਾ ਹੱਥੋਂ ਹਾਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ। ਇਸ ਹਾਰ ਨਾਲ ਸੇਰੇਨਾ ਦਾ 24ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ। ਬੇਲਾਰੂਸ ਦੀ ਅਜਾਰੇਂਕਾ ਨੇ ਆਪਣੀ ਇਸ ਮਜ਼ਬੂਤ ਅਮਰੀਕੀ ਵਿਰੋਧੀ ਨੂੰ 1-6, 6-3, 6-3 ਨਾਲ ਹਰਾ ਕੇ 2013 ਤੋਂ ਬਾਅਦ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ। ਹੁਣ ਐਤਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿਚ ਅਜਾਰੇਂਕਾ ਦਾ ਸਾਹਮਣਾ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨਾਲ ਹੋਵੇਗਾ। ਓਸਾਕਾ ਨੇ ਇਕ ਹੋਰ ਸੈਮੀਫਾਈਨਲ ਮੁਕਾਬਲੇ ਵਿਚ ਅਮਰੀਕਾ ਦੀ ਜੇਨੀਫਰ ਬਰੈਡੀ ਨੂੰ 7-6, 3-6, 6-3 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਸੇਰੇਨਾ ਦੇ ਗਿੱਟੇ 'ਚ ਦਰਦ ਸੀ ਤੇ ਇਸ ਵਿਚਾਲੇ ਉਨ੍ਹਾਂ ਨੇ ਟਾਈਮ ਆਊਟ ਵੀ ਲਿਆ। ਅਜਾਰੇਂਕਾ ਨੇ ਪਹਿਲਾ ਸੈੱਟ ਆਸਾਨੀ ਨਾਲ ਗੁਆਉਣ ਦੇ ਬਾਵਜੂਦ ਧੀਰਜ ਨਹੀਂ ਗੁਆਇਆ ਤੇ ਗਰੈਂਡ ਸਲੈਮ ਟੂਰਨਾਮੈਂਟ ਵਿਚ 11 ਮੁਕਾਬਲਿਆਂ ਵਿਚ ਪਹਿਲੀ ਵਾਰ ਸੇਰੇਨਾ ਨੂੰ ਮਾਤ ਦੇਣ ਵਿਚ ਕਾਮਯਾਬ ਰਹੀ। ਅਜਾਰੇਂਕਾ ਨੇ 2012 ਤੇ 2013 ਵਿਚ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਨ੍ਹਾਂ ਦੋਵਾਂ ਸਾਲਾਂ ਵਿਚ ਉਹ ਯੂਐੱਸ ਓਪਨ ਦੇ ਫਾਈਨਲ ਵਿਚ ਵੀ ਪੁੱਜੀ ਸੀ ਪਰ ਦੋਵੇਂ ਹੀ ਵਾਰ ਉਨ੍ਹਾਂ ਨੂੰ ਫਾਈਨਲ ਵਿਚ ਸੇਰੇਨਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਾਰੇਂਕਾ ਤੇ ਓਸਾਕਾ ਰੈਂਕਿੰਗ ਵਿਚ ਨੰਬਰ ਇਕ 'ਤੇ ਰਹਿ ਚੁੱਕੀਆਂ ਹਨ। ਅਜਾਰੇਂਕਾ ਇਸ ਜਿੱਤ ਨਾਲ ਆਪਣੀ ਜੇਤੂ ਮੁਹਿੰਮ ਨੂੰ 11 ਜਿੱਤਾਂ ਤਕ ਲੈ ਗਈ ਜਦਕਿ ਓਸਾਕਾ ਨੇ ਵੀ ਲਗਾਤਾਰ 10ਵਾਂ ਮੈਚ ਜਿੱਤਿਆ ਹੈ। ਅਜਾਰੇਂਕਾ ਤੇ ਓਸਾਕਾ ਵਿਚਾਲੇ ਇਸ ਸਾਲ ਵੈਸਟਰਨ ਐਂਡ ਸਾਊਥਰਨ ਓਪਨ ਦਾ ਫਾਈਨਲ ਵੀ ਖੇਡਿਆ ਜਾਣਾ ਸੀ ਪਰ ਜਾਪਾਨੀ ਖਿਡਾਰੀ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਖ਼ਿਤਾਬੀ ਮੁਕਾਬਲੇ 'ਚੋਂ ਲਾਂਭੇ ਹੋ ਗਈ ਸੀ। ਇਸ ਤੋਂ ਇਲਾਵਾ ਦੋਵੇਂ ਕਰੀਅਰ ਵਿਚ ਸਿਰਫ਼ ਤਿੰਨ ਵਾਰ ਆਹਮੋ-ਸਾਹਮਣੇ ਹੋਈਆਂ ਸਨ ਜਿਨ੍ਹਾਂ ਵਿਚ ਦੋ ਵਾਰ ਓਸਾਕਾ ਤੇ ਇਕ ਵਾਰ ਅਜਾਰੇਂਕਾ ਨੂੰ ਜਿੱਤ ਮਿਲੀ ਸੀ।