ਨਿਊਯਾਰਕ (ਏਪੀ) : ਅਮਰੀਕੀ ਦਿੱਗਜ ਸੇਰੇਨਾ ਵਿਲੀਅਮਜ਼, ਵਿਕਟੋਰੀਆ ਅਜਾਰੇਂਕਾ ਤੇ ਸਵੇਤਾਨਾ ਪਿਰੋਂਕੋਵਾ ਤਿੰਨ ਅਜਿਹੀਆਂ ਮਾਵਾਂ ਹਨ ਜਿਨ੍ਹਾਂ ਨੇ ਗਰੈਂਡ ਸਲੈਮ ਵਿਚ ਇਤਿਹਾਸ ਰਚ ਦਿੱਤਾ। ਇਹ ਤਿੰਨੇ ਮਾਵਾਂ ਦੇ ਰੂਪ ਵਿਚ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ 'ਚ ਪੁੱਜੀਆਂ ਹਨ। ਤਿੰਨਾ ਖਿਡਾਰਨਾਂ ਨੇ ਯੂਐੱਸ ਓਪਨ 'ਚ ਮਹਿਲਾ ਸਿੰਗਲਜ਼ ਦੇ ਆਖ਼ਰੀ ਅੱਠ 'ਚ ਥਾਂ ਬਣਾਈ ਹੈ। 31 ਅਗਸਤ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ 11 ਮਾਵਾਂ ਨੇ ਹਿੱਸਾ ਲਿਆ ਸੀ। ਓਪਨ ਏਰਾ ਵਿਚ ਸਿਰਫ਼ ਤਿੰਨ ਮਾਵਾਂ ਹੀ ਗਰੈਂਡ ਸਲੈਮ ਖ਼ਿਤਾਬ ਜਿੱਤ ਸਕੀਆਂ ਹਨ। ਕਿਮ ਕਲਿਸਟਰਜ਼, ਇਵਾਨ ਗੂਲਾਗਾਂਗ ਤੇ ਮਾਰਗਰੇਟ ਕੋਰਟ ਇਹ ਕਾਮਯਾਬੀ ਹਾਸਲ ਕਰ ਚੁੱਕੀਆਂ ਹਨ। 38 ਸਾਲਾ ਸੇਰੇਨਾ ਦੀ ਧੀ ਏਲਕਸਿਸ ਓਲੰਪੀਆ ਹੈ। ਉਥੇ ਅਜਾਰੇਂਕਾ ਦੇ ਪੁੱਤਰ ਦਾ ਨਾਂ ਲਿਓ ਜਦਕਿ ਪਿਰੋਂਕੋਵਾ ਦਾ ਇਕ ਪੁੱਤਰ ਅਲੈਗਜ਼ੈਂਡਰ ਹੈ। ਸੇਰੇਨਾ ਨੇ ਯੂਨਾਨ ਦੀ 15ਵਾਂ ਦਰਜਾ ਸਕਾਰੀ ਨੂੰ 6-3, 6-7, 6-3 ਨਾਲ ਹਰਾਇਆ। ਬੱਚੇ ਦੇ ਜਨਮ ਕਾਰਨ ਤਿੰਨ ਸਾਲ ਤਕ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੀ 32 ਸਾਲਾ ਪਿਰੋਂਕੋਵਾ ਨੇ ਏਲਿਜ ਕੋਰਨੇਟ 'ਤੇ 6-4, 6-7, 6-3 ਨਾਲ ਜਿੱਤ ਦਰਜ ਕੀਤੀ ਉਥੇ ਬੇਲਾਰੂਸ ਦੀ ਅਜਾਰੇਂਕਾ ਨੇ ਚੌਥੇ ਗੇੜ ਵਿਚ ਕੈਰੋਲੀਨਾ ਮਕੋਵਾ ਨੂੰ 5-7, 6-1, 6-4 ਨਾਲ ਮਾਤ ਦਿੱਤੀ। ਹੋਰ ਮੁਕਾਬਲਿਆਂ ਵਿਚ ਅਮਰੀਕਾ ਦੀ ਦੂਜਾ ਦਰਜਾ ਹਾਸਲ ਸੋਫੀਆ ਕੇਨਿਨ ਹਾਲਾਂਕਿ ਚੌਥੇ ਗੇੜ ਵਿਚ ਅੱਗੇ ਨਹੀਂ ਵਧ ਸਕੀ। ਬੈਲਜੀਅਮ ਦੀ 16ਵਾਂ ਦਰਜਾ ਏਲਿਸ ਮਰਟੇਂਸ ਨੇ ਉਨ੍ਹਾਂ ਨੂੰ ਸਿੱਧੇ ਸੈੱਟਾਂ ਵਿਚ 6-3, 6-3 ਨਾਲ ਹਰਾਇਆ। ਮਰਦਾਂ ਦੇ ਸਿੰਲਗਜ਼ 'ਚ ਨੋਵਾਕ ਜੋਕੋਵਿਕ ਦੇ ਬਾਹਰ ਹੋ ਜਾਣ ਤੋਂ ਬਾਅਦ ਖ਼ਿਤਾਬ ਦੇ ਮੁੱਖ ਦਾਅਵੇਦਾਰ ਬਣੇ ਡੋਮੀਨਿਕ ਥਿਏਮ ਤੇ ਡੇਨਿਲ ਮੇਦਵੇਦੇਵ ਨੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਯੂਐੱਸ ਓਪਨ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਆਸਟ੍ਰੀਆ ਦੇ ਦੂਜਾ ਦਰਜਾ ਹਾਸਲ ਥਿਏਮ ਨੇ ਮਰਦ ਸਿੰਗਲਜ਼ ਦੇ ਚੌਥੇ ਗੇੜ ਵਿਚ ਕੈਨੇਡਾ ਦੇ 15ਵਾਂ ਦਰਜਾ ਫੇਲਿਕਸ ਆਗੁਰ ਅਲੀਸਾਮੀ ਨੂੰ 7-6, 6-1, 6-1 ਨਾਲ ਹਰਾਇਆ ਜਦਕਿ ਤੀਜਾ ਦਰਜਾ ਹਾਸਲ ਰੂਸੀ ਖਿਡਾਰੀ ਮੇਦਵੇਦੇਵ ਨੇ ਅਮਰੀਕਾ ਦੇ ਫਰਾਂਸਿਸ ਟਿਫੋਏ ਨੂੰ 6-4, 6-1, 6-0 ਨਾਲ ਮਾਤ ਦਿੱਤੀ। ਥਿਏਮ ਦਾ ਕੁਆਰਟਰ ਫਾਈਨਲ ਵਿਚ ਸਾਹਮਣਾ ਆਸਟ੍ਰੇਲੀਆ ਦੇ 21ਵਾਂ ਦਰਜਾ ਏਲੇਕਸ ਡੀ ਮਿਨੌਰ ਜਦਕਿਗ ਮੇਦਵੇਦੇਵ ਦਾ ਹਮਵਤਨ 10ਵਾਂ ਰਦਜਾ ਆਂਦਰੇਈ ਰੂਬਲੇਵ ਨਾਲ ਹੋਵੇਗਾ। ਮਿਨੌਰ ਨੇ ਕੈਨੇਡਾ ਦੇ ਗੈਰ ਦਰਜਾ ਵਾਸੇਕ ਪੋਸਪਿਸਿਲ ਨੂੰ 7-6, 6-3, 6-2 ਨਾਲ ਜਦਕਿ ਰੁਬਲੇਵ ਨੇ ਇਟਲੀ ਦੇ ਛੇਵਾਂ ਦਰਜਾ ਹਾਸਲ ਮਾਟੀਓ ਬਾਰੇਟੀਨੀ ਨੂੰ 4-6, 6-3, 6-3, 6-3 ਨਾਲ ਮਾਤ ਦਿੱਤੀ। ਭਾਰਤ ਦੇ ਤਜਰਬੇਕਾਰ ਟੇਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਕੈਨੇਡਾ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਸਾਲ ਦੇ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਯੂਐੱਸ ਓਪਨ ਦੇ ਮਰਦ ਡਬਲਜ਼ ਵਰਗ ਦੇ ਸੈਮੀਫਾਈਨਲ ਵਿਚ ਜਾਣ ਤੋਂ ਖੁੰਝ ਗਏ ਹਨ। ਇਸ ਜੋੜੀ ਨੂੰ ਤੀਜੇ ਗੇੜ ਦੇ ਮੈਚ ਵਿਚ ਜਿਓਂ ਜੂਲੀਅਨ ਰੋਜਰ ਤੇ ਹੋਰੀਆ ਟੇਕਾਊ ਦੀ ਜੋੜੀ ਨੇ 7-5, 7-5 ਨਾਲ ਮਾਤ ਦਿੱਤੀ। ਇਸ ਹਾਰ ਨਾਲ ਭਾਰਤ ਦੀ ਇਸ ਟੂਰਨਾਮੈਂਟ ਵਿਚ ਚੁਣੌਤੀ ਸਮਾਪਤ ਹੋ ਗਈ ਹੈ।