ਨਿਊਯਾਰਕ (ਏਐੱਫਪੀ) : ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਰੂਸ ਦੇ ਲੰਬੇ ਕੱਦ ਦੇ ਡੇਨਿਲ ਮੇਦਵੇਦੇਵ ਨੂੰ ਪੰਜ ਸੈੱਟ ਤਕ ਚੱਲੇ ਸਖ਼ਤ ਫਾਈਨਲ ਵਿਚ ਹਰਾ ਕੇ ਯੂਐੱਸ ਓਪਨ ਦੇ ਮਰਦ ਸਿੰਗਲਜ਼ ਦਾ ਚੌਥਾ ਖ਼ਿਤਾਬ ਆਪਣੇ ਨਾਂ ਕੀਤਾ। ਲਗਪਗ ਪੰਜ ਘੰਟੇ ਤਕ ਚੱਲੇ ਮੁਕਾਬਲੇ ਵਿਚ ਨਡਾਲ ਨੇ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਮਾਤ ਦੇ ਕੇ ਆਪਣੇ ਕਰੀਅਰ ਦਾ ਕੁੱਲ 19ਵਾਂ ਗਰੈਂਡ ਸਲੈਮ ਖ਼ਿਤਾਬ ਆਪਣੀ ਝੋਲੀ ਪਾਇਆ। ਚਾਰ ਘੰਟੇ 50 ਮਿੰਟ ਤਕ ਚੱਲਿਆ ਇਹ ਮੈਚ ਯੂਐੱਸ ਓਪਨ ਦੇ ਇਤਿਹਾਸ ਦਾ ਸਭ ਤੋਂ ਲੰਬਾ ਫਾਈਨਲ ਬਣਨ ਤੋਂ ਚਾਰ ਮਿੰਟ ਤੋਂ ਖੁੰਝ ਗਿਆ। ਪੰਜਵੀਂ ਵਾਰ ਯੂਐੱਸ ਓਪਨ ਤੇ 27ਵੀਂ ਵਾਰ ਕਿਸੇ ਗਰੈਂਡ ਸਲੈਮ ਦਾ ਫਾਈਨਲ ਖੇਡਣ ਵਾਲੇ ਨਡਾਲ ਓਪਨ ਯੁਗ ਵਿਚ ਪੰਜ ਯੂਐੱਸ ਓਪਨ ਖ਼ਿਤਾਬ ਜਿੱਤਣ ਵਾਲੇ ਫੈਡਰਰ, ਜਿੰਮੀ ਕੋਨੋਰਸ ਤੇ ਪੀਟ ਸੰਪ੍ਰਰਾਸ ਤੋਂ ਇਕ ਖ਼ਿਤਾਬ ਪਿੱਛੇ ਹਨ। ਸਿਨਸਿਨਾਟੀ ਓਪਨ ਦੇ ਜੇਤੂ ਤੇ ਮਾਂਟਰੀਅਲ, ਵਾਸ਼ਿੰਗਟਨ ਤੇ ਯੂਐੱਸ ਓਪਨ ਦੇ ਉੱਪ ਜੇਤੂ 23 ਸਾਲਾ ਮੇਦਵੇਦੇਵ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜੇ ਸਨ। ਮਰਾਤ ਸਾਫਿਨ ਦੇ 2005 ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤਣ ਤੋਂ ਬਾਅਦ ਉਹ ਪਹਿਲੇ ਰੂਸੀ ਖਿਡਾਰੀ ਹਨ ਜੋ ਮਰਦ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜੇ ਸਨ।