ਨਿਊਯਾਰਕ (ਰਾਇਟਰ) : ਅਮਰੀਕਾ ਦੀ ਦਿੱਗਜ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਆਪਣੇ ਰਿਕਾਰਡ 24ਵੇਂ ਗਰੈਂਡ ਸਲੈਮ ਖ਼ਿਤਾਬ ਨੂੰ ਹਾਸਲ ਕਰਨ ਦੇ ਬਹੁਤ ਨੇੜੇ ਪੁੱਜ ਗਈ ਹੈ। ਯੂਐੱਸ ਓਪਨ ਦੇ ਮਹਿਲਾ ਸਿੰਗਲਜ਼ ਦੇ 70 ਮਿੰਟ ਤਕ ਚੱਲੇ ਸੈਮੀਫਾਈਨਲ ਵਿਚ ਸੇਰੇਨਾ ਨੇ ਯੂਕਰੇਨ ਦੀ ਪੰਜਵਾਂ ਦਰਜਾ ਏਲੀਨਾ ਸਵਿਤੋਲੀਨਾ ਨੂੰ 6-3, 6-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਬੱਚੇ ਦੇ ਜਨਮ ਤੋਂ ਬਾਅਦ ਸੇਰੇਨਾ ਆਪਣਾ 24ਵਾਂ ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਜਿੱਤ ਕੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰਨ ਦੇ ਨੇੜੇ ਤਿੰਨ ਵਾਰ ਪੁੱਜੀ ਹੈ ਤੇ ਇਕ ਵਾਰ ਫਿਰ ਉਨ੍ਹਾਂ ਕੋਲ ਸ਼ਨਿਚਰਵਾਰ ਨੂੰ ਇਸ ਉਪਲੱਬਧੀ ਨੂੰ ਆਪਣੇ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਹਾਸਲ ਕਰਨ ਦਾ ਮੌਕਾ ਹੋਵੇਗਾ। ਖ਼ਿਤਾਬੀ ਮੁਕਾਬਲੇ ਵਿਚ ਸੇਰੇਨਾ ਦਾ ਸਾਹਮਣਾ ਕੈਨੇਡਾ ਦੀ ਬਿਆਂਕਾ ਏਂਡ੍ਰੀਸਕੂ ਨਾਲ ਹੋਵੇਗਾ। ਪਿਛਲੇ ਸਾਲ ਆਰਥਰ ਐਸ਼ ਸਟੇਡੀਅਮ ਵਿਚ ਸੇਰੇਨਾ ਨੂੰ ਜਾਪਾਨ ਦੀ ਨਾਓਮੀ ਓਸਾਕਾ ਖ਼ਿਲਾਫ਼ ਵਿਵਾਦਤ ਫਾਈਨਲ ਵਿਚ ਮਾਤ ਮਿਲੀ ਸੀ ਜਿਸ ਤੋਂ ਬਾਅਦ ਅਮਰੀਕੀ ਦਿੱਗਜ ਕਾਫੀ ਨਿਰਾਸ਼ ਦਿਖਾਈ ਦਿੱਤੀ। ਇਸ ਤੋਂ ਇਲਾਵਾ ਸੇਰੇਨਾ ਵਾਪਸੀ ਤੋਂ ਬਾਅਦ ਦੋ ਵਾਰ ਵਿੰਬਲਡਨ ਫਾਈਨਲ ਵਿਚ ਹਾਰ ਚੁੱਕੀ ਹੈ। ਸੈਮੀਫਾਈਨਲ ਵਿਚ ਪੰਜਵਾਂ ਦਰਜਾ ਸਵਿਤੋਲੀਨਾ ਨੂੰ ਸੇਰੇਨਾ ਖ਼ਿਲਾਫ਼ ਮੁਕਾਬਲੇ ਨੂੰ ਆਪਣੇ ਪੱਖ ਵਿਚ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਮਿਲੇ ਛੇ ਬ੍ਰੇਕ ਪੁਆਇੰਟ ਵਿਚੋਂ ਇਕ ਨੂੰ ਵੀ ਅੰਕ ਵਿਚ ਤਬਦੀਲ ਨਹੀਂ ਕਰ ਸਕੀ। ਪਹਿਲੇ ਸੈੱਟ ਵਿਚ ਸਵਿਤੋਲੀਨਾ ਨੇ ਥੋੜ੍ਹਾ ਮੁਕਾਬਲਾ ਕੀਤਾ ਪਰ ਦੂਜੇ ਸੈੱਟ ਵਿਚ ਪਹਿਲੀ ਗੇਮ ਗੁਆਉਣ ਤੋਂ ਬਾਅਦ ਸੇਰੇਨਾ ਨੇ ਅਗਲੀਆਂ ਛੇ ਗੇਮਾਂ ਆਪਣੇ ਨਾਂ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

ਬਿਆਂਕਾ ਨਾਲ ਹੋਵੇਗਾ ਸੁਪਰ ਮੁਕਾਬਲਾ

ਕੈਨੇਡਾ ਦੀ ਨੌਜਵਾਨ ਟੈਨਿਸ ਸਨਸਨੀ ਬਿਆਂਕਾ ਏਂਡ੍ਰੀਸਕੂ ਨੇ ਮਹਿਲਾ ਸਿੰਗਲਜ਼ ਦੇ ਇਕ ਹੋਰ ਸੈਮੀਫਾਈਨਲ ਵਿਚ ਸਵਿਟਜ਼ਰਲੈਂਡ ਦੀ 13ਵਾਂ ਦਰਜਾ ਬੇਲਿੰਗਾ ਬੇਨਸਿਕ ਨੂੰ 7-6, 7-5 ਨਾਲ ਹਰਾ ਕੇ ਯੂਐੱਸ ਓਪਨ ਦੇ ਫਾਈਨਲ ਵਿਚ ਥਾਂ ਬਣਾਈ। ਏਂਡ੍ਰੀਸਕੂ ਇਕ ਦਹਾਕੇ ਵਿਚ ਯੂਐੱਸ ਓਪਨ ਦੇ ਆਖ਼ਰੀ ਚਾਰ ਵਿਚ ਥਾਂ ਬਣਾਉਣ ਵਾਲੀ ਟੀਨ ਏਜ ਦੀ ਪਹਿਲੀ ਖਿਡਾਰਨ ਬਣੀ ਸੀ। ਇਸ ਸਾਲ ਇੰਡੀਅਨ ਵੇਲਜ਼ ਤੇ ਟੋਰਾਂਟੋ ਦੀ ਜੇਤੂ ਏਂਡ੍ਰੀਸਕੂ ਸੈਮੀਫਾਈਨਲ ਵਿਚ ਦੂਜੇ ਸੈੱਟ ਵਿਚ ਇਕ ਸਮੇਂ 2-5 ਨਾਲ ਪੱਛੜ ਰਹੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਪੰਜ ਗੇਮਾਂ ਜਿੱਤ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ।

ਸੇਰੇਨਾ ਦੇ ਪਹਿਲੇ ਖ਼ਿਤਾਬ ਤੋਂ ਬਾਅਦ ਹੋਇਆ ਸੀ ਬਿਆਂਕਾ ਦਾ ਜਨਮ

ਨਿਊਯਾਰਕ : ਜਦ ਸੇਰੇਨਾ ਵਿਲੀਅਮਜ਼ ਨੇ ਆਪਣਾ ਪਹਿਲਾ ਯੂਐੱਸ ਓਪਨ (ਸਾਲ 1999) ਜਿੱਤਿਆ ਸੀ ਤਦ ਬਿਆਂਕਾ ਏਂਡ੍ਰੀਸਕੂ ਦਾ ਜਨਮ ਹੋਇਆ ਸੀ। ਹੁਣ 19 ਸਾਲ ਦੀ ਇਹ ਟੈਨਿਸ ਸਨਸਨੀ ਯੂਐੱਸ ਓਪਨ ਦੇ ਫਾਈਨਲ ਵਿਚ ਸੇਰੇਨਾ ਦੇ ਖ਼ਿਲਾਫ਼ ਉਤਰਗੀ। ਏਂਡ੍ਰੀਸਕੂ ਯੂਐੱਸ ਓਪਨ ਦੇ ਫਾਈਨਲ ਵਿਚ ਪੁੱਜਣ ਵਾਲੀ ਕੈਨੇਡਾ ਦੀ ਪਹਿਲੀ ਮਹਿਲਾ ਖਿਡਾਰਨ ਹੈ। ਯੁਜਿਨੀ ਬੁਚਾਰਡ (ਵਿੰਬਲਡਨ 2014) ਤੋਂ ਬਾਅਦ ਕਿਸੇ ਵੀ ਗਰੈਂਡ ਸਲੈਮ ਦੇ ਖ਼ਿਤਾਬੀ ਮੁਕਾਬਲੇ ਵਿਚ ਖੇਡਣ ਵਾਲੀ ਕੈਨੇਡਾ ਦੀ ਦੂਜੀ ਮਹਿਲਾ ਟੈਨਿਸ ਖਿਡਾਰਨ ਹੈ।

ਦਰਜਾਬੰਦੀ 'ਚ ਹੋਵੇਗਾ ਸੁਧਾਰ :

ਬਿਆਂਕਾ ਦੀ ਸਾਲ 2018 ਵਿਚ ਵਿਸ਼ਵ ਰੈਂਕਿੰਗ 178 ਸੀ ਪਰ ਫ਼ਿਲਹਾਲ ਉਨ੍ਹਾਂ ਦੀ ਰੈਂਕਿੰਗ 15 ਹੈ। ਫਾਈਨਲ ਮੁਕਾਬਲੇ ਦਾ ਨਤੀਜਾ ਜੇ ਉਨ੍ਹਾਂ ਦੇ ਪੱਖ ਵਿਚ ਨਹੀਂ ਵੀ ਜਾਂਦਾ ਹੈ ਤਾਂ ਉਹ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ਵਿਚ ਨੌਵੇਂ ਸਥਾਨ 'ਤੇ ਪੁੱਜ ਜਾਵੇਗੀ। ਉਥੇ ਜੇ ਉਹ ਸੇਰੇਨਾ ਨੂੰ ਹਰਾ ਦਿੰਦੀ ਹੈ ਤਾਂ ਉਹ ਪੰਜਵੀਂ ਰੈਂਕਿੰਗ 'ਤੇ ਪੁੱਜ ਜਾਵੇਗੀ।

ਪੂਰਾ ਨਹੀਂ ਹੋ ਸਕਿਆ ਸੀ ਪਹਿਲਾ ਮੁਕਾਬਲਾ :

ਇਸ ਤੋਂ ਪਹਿਲਾਂ ਸੇਰੇਨਾ ਤੇ ਬਿਆਂਕਾ ਵਿਚਾਲੇ ਸਿਰਫ਼ ਇਕ ਵਾਰ ਮੁਕਾਬਲਾ ਹੋਇਆ ਹੈ। ਅਗਸਤ ਵਿਚ ਰੋਜਰਸ ਕੱਪ ਦੇ ਫਾਈਨਲ ਵਿਚ ਸੇਰੇਨਾ ਨੇ ਲੱਕ ਵਿਚ ਦਰਦ ਤੋਂ ਬਾਅਦ ਮੁਕਾਬਲਾ ਵਿਚਾਲੇ ਛੱਡ ਦਿੱਤਾ ਸੀ। ਉਹ ਪਹਿਲੇ ਸੈੱਟ ਵਿਚ 1-3 ਨਾਲ ਪਿੱਛੇ ਚੱਲ ਰਹੀ ਸੀ।