ਨਿਊਯਾਰਕ (ਏਪੀ) : ਟੋਕੀਓ ਓਲੰਪਿਕ ਚੈਂਪੀਅਨ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਨੋਵਾਕ ਜੋਕੋਵਿਕ ਦੇ ਗੋਲਡਨ ਸਲੈਮ (ਇਕ ਹੀ ਕੈਲੰਡਰ ਸਾਲ ਦੇ ਚਾਰ ਗਰੈਂਡ ਸਲੈਮ ਤੇ ਓਲੰਪਿਕ ਗੋਲਡ ਮੈਡਲ) ਦਾ ਸੁਪਨਾ ਤਾਂ ਤੋੜ ਦਿੱਤਾ ਸੀ ਪਰ ਉਹ ਉਨ੍ਹਾਂ ਨੂੰ ਸਭ ਤੋਂ ਵੱਧ 21ਵੇਂ ਗਰੈਂਡ ਸਲੈਮ ਤੇ ਇਕ ਹੀ ਕੈਲੰਡਰ ਸਾਲ ਦੇ ਚੌਥੇ ਗਰੈਂਡ ਸਲੈਮ ਵਿਚ ਜਿੱਤ ਦੀ ਦਹਿਲੀਜ਼ 'ਤੇ ਜਾਣ ਤੋਂ ਨਹੀਂ ਰੋਕ ਸਕੇ। ਮਜ਼ਬੂਤ ਮਾਨਸਿਕਤਾ ਤੇ ਦਮਦਾਰ ਫਿਟਨੈੱਸ ਦਾ ਨਜ਼ਰਾ ਪੇਸ਼ ਕਰਦੇ ਹੋਏ ਜੋਕੋਵਿਕ ਨੇ ਇਸ ਸਾਲ ਗਰੈਂਡ ਸਲੈਮ ਵਿਚ ਲਗਾਤਾਰ 27ਵੀਂ ਜਿੱਤ ਦਰਜ ਕੀਤੀ ਤੇ ਪੰਜ ਸੈੱਟਾਂ ਤਕ ਚੱਲੇ ਸੈਮੀਫਾਈਨਲ ਮੁਕਾਬਲੇ ਵਿਚ ਜ਼ਵੇਰੇਵ ਨੂੰ 4-6, 6-2, 6-4, 4-6, 6-2 ਨਾਲ ਹਰਾਇਆ। ਹੁਣ ਫਾਈਨਲ ਵਿਚ ਦੁਨੀਆ ਦੇ ਨੰਬਰ ਇਕ ਸਰਬਿਆਈ ਜੋਕੋਵਿਕ ਦਾ ਸਾਹਮਣਾ ਦੂਜੇ ਨੰਬਰ ਦੇ ਰੂਸੀ ਟੈਨਿਸ ਖਿਡਾਰੀ ਡੇਨਿਲ ਮੇਦਵੇਦੇਵ ਨਾਲ ਹੋਵੇਗਾ। 52 ਸਾਲ ਪਹਿਲਾਂ 1969 ਵਿਚ ਰਾਡ ਲੇਵਰ ਨੇ ਇਕ ਹੀ ਕੈਲੰਡਰ ਸਾਲ ਦੇ ਚਾਰ ਗਰੈਂਡ ਸਲੈਮ ਜਿੱਤੇ ਸਨ। ਇਸ ਤੋਂ ਬਾਅਦ ਤੋਂ ਅੱਜ ਤਕ ਅਜਿਹਾ ਕਾਰਨਾਮਾ ਕੋਈ ਵੀ ਮਰਦ ਟੈਨਿਸ ਖਿਡਾਰੀ ਨਹੀਂ ਕਰ ਸਕਿਆ ਹੈ। ਇਸ ਕਾਰਨ ਜੋਕੋਵਿਕ ਨੂੰ ਆਰਥਰ ਏਸ਼ ਸਟੇਡੀਅਮ ਵਿਚ ਸੈਮੀਫਾਈਨਲ ਮੈਚ ਦੌਰਾਨ ਦੇਖਣ ਲਈ ਹੁਣ 82 ਸਾਲ ਦੇ ਹੋ ਚੁੱਕੇ ਰਾਡ ਲੇਵਲ ਵੀ ਸਟੈਂਡ ਵਿਚ ਮੌਜੂਦ ਸਨ। ਜੋਕੋਵਿਕ ਇਸ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਤੇ ਵਿੰਬਲਡਨ ਦਾ ਖ਼ਿਤਾਬ ਜਿੱਤ ਚੁੱਕੇ ਹਨ ਜਿਸ ਤੋਂ ਬਾਅਦ 21ਵੇਂ ਗਰੈਂਡ ਸਲੈਮ ਦੇ ਰੂਪ ਵਿਚ ਉਹ ਯੂਐੱਸ ਓਪਨ ਵੀ ਜਿੱਤਣਾ ਚਾਹੁਣਗੇ।

ਮੇਦਵੇਦੇਵ ਨੇ ਏਲਿਆਸਿਮੇ ਨੂੰ ਹਰਾਇਆ :

ਹੋਰ ਸੈਮੀਫਾਈਨਲ ਮੈਚ ਵਿਚ ਰੂਸ ਦੇ 25 ਸਾਲ ਦੇ ਮੇਦਵੇਦੇਵ ਨੇ ਕੈਨੇਡਾ ਦੇ 12ਵਾਂ ਦਰਜਾ ਫੇਲਿਕਸ ਆਗਰ ਏਲਿਆਸਿਮੇ ਨੂੰ 6-4, 7-5, 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੁਕਾਬਲੇ ਵਿਚ ਮੇਦਵੇਦੇਵ ਪੂਰੀ ਤਰ੍ਹਾਂ ਫੇਲਿਕਸ 'ਤੇ ਹਾਵੀ ਰਹੇ ਤੇ ਇਕਤਰਫ਼ਾ ਅੰਦਾਜ਼ ਵਿਚ ਜਿੱਤ ਹਾਸਲ ਕੀਤੀ। ਮੇਦਵੇਦੇਵ ਹੁਣ ਦੋ ਵਾਰ ਯੂਐੱਸ ਓਪਨ ਦੇ ਫਾਈਨਲ ਵਿਚ ਪੁੱਜਣ ਵਾਲੇ ਪਹਿਲੇ ਰੂਸੀ ਖਿਡਾਰੀ ਵੀ ਬਣ ਗਏ ਹਨ। ਉਹ ਇਸ ਸਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਜੋਕੋਵਿਕ ਹੱਥੋਂ ਹਾਰੇ ਸਨ ਤੇ 2019 ਯੂਐੱਸ ਓਪਨ ਫਾਈਨਲ ਵਿਚ ਉਨ੍ਹਾਂ ਨੂੰ ਨਡਾਲ ਨੇ ਹਰਾਇਆ ਸੀ।

ਸਾਲੀਸਬਰੀ ਤੇ ਰਾਮ ਨੇ ਜਿੱਤਿਆ ਡਬਲਜ਼ ਖ਼ਿਤਾਬ

ਬਿ੍ਟੇਨ ਦੇ ਸਾਲੀਸਬਰੀ ਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਬਿ੍ਟੇਨ ਦੇ ਜੈਮੀ ਮਰੇ ਤੇ ਬ੍ਰਾਜ਼ੀਲ ਦੇ ਬਰੂਨੋ ਸੋਰੇਸ ਦੀ ਜੋੜੀ ਨੂੰ ਹਰਾ ਕੇ ਯੂਐੱਸ ਓਪਨ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਦਾ ਮਰਦ ਡਬਲਜ਼ ਖ਼ਿਤਾਬ ਆਪਣੇ ਨਾਂ ਕੀਤਾ। ਇਹ ਇਸ ਜੋੜੀ ਦਾ ਦੂਜਾ ਗਰੈਂਡ ਸਲੈਮ ਖ਼ਿਤਾਬ ਹੈ। ਉਨ੍ਹਾਂ ਨੇ ਮਰੇ ਤੇ ਸੋਰੇਸ ਦੀ ਜੋੜੀ ਨੂੰ 3-6, 6-2, 6-2 ਨਾਲ ਮਾਤ ਦਿੱਤੀ। ਸਾਲੀਸਬਰੀ ਤੇ ਰਾਮ ਨੇ ਇਕੱਠੇ ਖੇਡਦੇ ਹੋਏ 2020 ਆਸਟ੍ਰੇਲਿਆਈ ਓਪਨ ਦਾ ਖ਼ਿਤਾਬ ਹਾਸਲ ਕੀਤਾ ਸੀ। ਮਹਿਲਾ ਡਬਲਜ਼ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ ਜਿਸ ਵਿਚ ਕੋਕੋ ਗਾਫ ਤੇ ਕੈਟੀ ਮੈਕਨੈਲੀ ਦੀ ਜੋੜੀ ਆਪਣਾ ਪਹਿਲਾ ਮੇਜਰ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੀਆਂ।