ਨਵੀਂ ਦਿੱਲੀ (ਜੇਐੱਨਐੱਨ) : ਰਾਸ਼ਟਰੀ ਨਿਸ਼ਾਨੇਬਾਜ਼ੀ ਮਹਾਸੰਘ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਓਲੰਪਿਕ ਕੋਰ ਸਮੂਹ ਲਈ ਜ਼ਰੂਰੀ ਅਭਿਆਸ ਕੈਂਪ ਮੁਲਤਵੀ ਕਰ ਦਿੱਤਾ ਹੈ। ਵੀਰਵਾਰ ਨੂੰ ਕਰਣੀ ਸਿੰਘ ਰੇਂਜ 'ਤੇ ਇਕ ਨਿਸ਼ਾਨੇਬਾਜ਼ੀ ਕੋਚ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਈ ਗਈ ਸੀ।

ਇਸ ਕਾਰਨ ਹਾਲਾਂਕਿ ਰੇਂਜ ਬੰਦ ਨਹੀਂ ਹੋਵੇਗੀ। ਦਿੱਲੀ ਵਿਚ ਕੋਰੋਨਾ ਦੇ ਮਾਮਲੇ ਇਕ ਲੱਖ ਤੋਂ ਉੱਪਰ ਹੋ ਗਏ ਹਨ। ਐੱਨਆਰਏਆਈ ਸਕੱਤਰ ਰਾਜੀਵ ਭਾਟੀਆ ਨੇ ਕਿਹਾ ਕਿ ਕੈਂਪ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਅਗਲੇ ਹਫ਼ਤੇ ਤਕ ਕੁਝ ਬਦਲ ਲੈ ਕੇ ਆਵਾਂਗੇ। ਉਮੀਦ ਹੈ ਕਿ ਤਦ ਤਕ ਤਸਵੀਰ ਸਾਫ਼ ਹੋ ਜਾਵੇਗੀ। ਕੋਰ ਸਮੂਹ ਦੇ ਮੈਂਬਰ ਕੁਝ ਨਿਸ਼ਾਨੇਬਾਜ਼ ਅੱਠ ਜੁਲਾਈ ਤੋਂ ਇੱਥੇ ਅਭਿਆਸ ਕਰ ਰਹੇ ਹਨ ਤੇ ਉਹ ਸਿਹਤ ਤੇ ਸੁਰੱਖਿਆ ਪ੍ਰਰੋਟੋਕਾਲ ਦਾ ਪਾਲਣ ਕਰਦੇ ਹੋਏ ਅਭਿਆਸ ਜਾਰੀ ਰੱਖਣਗੇ।

ਸੰਜੀਵ, ਮਨੂ ਤੇ ਅਨੀਸ਼ ਕਰ ਰਹੇ ਹਨ ਅਭਿਆਸ

ਭਾਟੀਆ ਨੇ ਕਿਹਾ ਕਿ ਹਾਲਾਤ ਠੀਕ ਰਹੇ ਤਾਂ ਅਸੀਂ ਅਗਸਤ ਦੇ ਦੂਜੇ ਹਫ਼ਤੇ ਵਿਚ ਕੈਂਪ ਸ਼ੁਰੂ ਕਰ ਸਕਦੇ ਹਾਂ। ਵਿਸ਼ਵ ਕੱਪ ਮੈਡਲ ਜੇਤੂ ਸੰਜੀਵ ਰਾਜਪੂਤ, ਮਨੂ ਭਾਕਰ ਤੇ ਅਨੀਸ਼ ਭਾਨਵਾਲਾ ਪਿਛਲੇ ਕੁਝ ਦਿਨਾਂ ਤੋਂ ਇੱਥੇ ਅਭਿਆਸ ਕਰ ਰਹੇ ਹਨ। ਰਾਜਪੂਤ ਤੇ ਭਾਕਰ ਨੇ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ ਜਦਕਿ ਭਾਨਵਾਲਾ ਦੇ ਵੀ ਭਾਰਤੀ ਟੀਮ ਵਿਚ ਸ਼ਾਮਲ ਹੋਣ ਦੀ ਉਮੀਦ ਹੈ।