ਸੇਵੀਆ (ਰਾਇਟਰ) : ਬਾਰਸੀਲੋਨਾ ਨੇ ਇੱਥੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਪੰਜ ਗੋਲ ਤਕ ਚੱਲੇ ਮੈਚ ਵਿਚ ਰੀਅਲ ਬੇਟਿਸ ਨੂੰ 3-2 ਨਾਲ ਹਰਾ ਕੇ ਸੂਚੀ ਵਿਚ ਚੋਟੀ 'ਤੇ ਮੌਜੂਦ ਆਪਣੇ ਧੁਰ ਵਿਰੋਧੀ ਕਲੱਬ ਰੀਅਲ ਮੈਡਰਿਡ ਨਾਲ ਅੰਕਾਂ ਦਾ ਫ਼ਰਕ ਤਿੰਨ ਕਰ ਲਿਆ। ਬਾਰਸੀਲੋਨਾ ਦੀ ਇਸ ਲੀਗ ਵਿਚ ਪਿਛਲੇ ਚਾਰ ਮੈਚਾਂ ਵਿਚ ਘਰ 'ਚੋਂ ਬਾਹਰ ਇਹ ਪਹਿਲੀ ਜਿੱਤ ਹੈ। ਟੀਮ ਦੇ ਸੁਪਰ ਸਟਾਰ ਸਟ੍ਰਾਈਕਰ ਲਿਓਨ ਮੈਸੀ ਗੋਲ ਤਾਂ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਤਿੰਨ ਵਾਰ ਖਿਡਾਰੀਆਂ ਦੀ ਗੋਲ ਕਰਨ ਵਿਚ ਮਦਦ ਕੀਤੀ।

ਸੂਚੀ ਵਿਚ ਬਾਰਸੀਲੋਨਾ ਤੇ ਰੀਅਲ ਮੈਡਰਿਡ ਅਜੇ ਤਕ 23-23 ਮੈਚ ਖੇਡ ਚੁੱਕੇ ਹਨ। ਬਾਰਸੀਲੋਨਾ ਦੇ ਖੇਡ ਡਾਇਰੈਕਟਰ ਏਰਿਕ ਏਬੀਡਾਲ ਤੇ ਮੈਸੀ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਟੀਮ ਕੋਪਾ ਡੇਲ ਰੇ ਵਿਚ ਅਥਲੈਟਿਕੋ ਬਿਲਬਾਓ ਖ਼ਿਲਾਫ਼ 0-1 ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਸੀ।

ਮੈਨੇਜਰ ਕਵਿਕ ਸੇਤੀਆਨ ਦੀ ਨਵੀਂ ਟੀਮ ਬਾਰਸੀਲੋਨਾ ਨੂੰ ਆਪਣੇ ਮੈਨੇਜਰ ਦੀ ਸਾਬਕਾ ਟੀਮ ਨੂੰ ਹਰਾਉਣ ਵਿਚ ਸੰਘਰਸ਼ ਵੀ ਕਰਨਾ ਪਿਆ। ਬਾਰਸੀਲੋਨਾ ਤੇ ਬੇਟਿਸ ਨੂੰ 10-10 ਖਿਡਾਰੀਆਂ ਨਾਲ ਮੈਚ ਖੇਡਣਾ ਪਿਆ। ਰੋਮਾਂਚਕ ਗੱਲ ਹੈ ਕਿ ਆਪੋ-ਆਪਣੀਆਂ ਟੀਮਾਂ ਲਈ ਗੋਲ ਕਰਨ ਵਾਲੇ ਖਿਡਾਰੀ ਹੀ ਰੈੱਡ ਕਾਰਡ ਦੇ ਕਾਰਨ ਮੈਦਾਨ 'ਚੋਂ ਬਾਹਰ ਹੋ ਗਏ। ਬੇਟਿਸ ਦੇ ਨਾਬਿਲ ਫੇਕਿਰ ਨੂੰ 76ਵੇਂ ਮਿੰਟ ਤੇ ਬਾਰਸੀਲੋਨਾ ਦੇ ਕਲੇਮੇਂਟ ਲੇਂਗਲੇਟ ਨੂੰ 79ਵੇਂ ਮਿੰਟ ਵਿਚ ਮੈਦਾਨ ਛੱਡਣਾ ਪਿਆ।

ਇੰਟਰ ਮਿਲਾਨ ਨੇ ਜੁਵੈਂਟਸ ਨੂੰ ਪਛਾੜਿਆ

ਮਿਲਾਨ (ਏਐੱਫਪੀ) : ਇੰਟਰ ਮਿਲਾਨ ਨੇ ਐਤਵਾਰ ਦੇਰ ਰਾਤ ਹੋਏ ਮੈਚ ਵਿਚ ਏਸੀ ਮਿਲਾਨ ਨੂੰ 4-1 ਨਾਲ ਹਰਾ ਕੇ ਸੀਰੀ-ਏ ਲੀਗ ਦੀ ਅੰਕ ਸੂਚੀ ਵਿਚ ਜੁਵੈਂਟਸ ਨੂੰ ਪਿੱਛੇ ਛੱਡ ਦਿੱਤਾ। ਇੰਟਰ ਮਿਲਾਨ ਦੇ 23 ਮੈਚਾਂ ਵਿਚ 54 ਅੰਕ ਹੋ ਗਏ ਹਨ ਜਦਕਿ ਜੁਵੈਂਟਸ ਦਾ ਵੀ ਇਹੀ ਪ੍ਰਦਰਸ਼ਨ ਹੈ ਪਰ ਗੋਲ ਫ਼ਰਕ ਦੇ ਆਧਾਰ 'ਤੇ ਇੰਟਰ ਮਿਲਾਨ ਚੋਟੀ 'ਤੇ ਪੁੱਜ ਗਿਆ। ਮਾਰਸੇਲੋ ਬ੍ਰਾਜੋਵਿਕ (51ਵੇਂ ਮਿੰਟ), ਮੈਟੀਆਸ ਵੇਸੀਨੋ (53ਵੇਂ ਮਿੰਟ), ਸਟੀਫਨ ਡੀ ਵਿ੍ਜ (70ਵੇਂ ਮਿੰਟ), ਤੇ ਰੋਮੇਲੂ ਲੁਕਾਕੂ (90+3ਵੇਂ ਮਿੰਟ) ਨੇ ਇੰਟਰ ਮਿਲਾਨ ਲਈ ਗੋਲ ਕੀਤੇ। ਉਥੇ ਏਂਟੇ ਰੇਬਿਕ (40ਵੇਂ ਮਿੰਟ) ਤੇ ਜਲਾਟਨ ਇਬ੍ਰਾਹੀਮੋਵਿਕ (45+1ਵੇਂ ਮਿੰਟ) ਨੇ ਗੋਲ ਕੀਤੇ।