ਜੇਐੱਨਐੱਨ, ਨਵੀਂ ਦਿੱਲੀ : ਕੈਰੇਬਿਆਈ ਦੌਰੇ 'ਤੇ ਗਈ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਟੀ-20 ਅਤੇ ਇਕ ਰੋਜ਼ਾ ਵਿਚ ਹਰਾ ਕੇ ਸੀਮਤ ਵੰਨਗੀ ਵਿਚ ਆਪਣਾ ਦਬਦਬਾ ਦਿਖਾਇਆ ਸੀ ਪਰ ਲਾਲ ਗੇਂਦ ਦੇ ਸ਼ੁਰੂਆਤੀ ਟੈਸਟ ਵਿਚ ਫੇਲ੍ਹ ਹੋ ਗਈ। ਮੀਂਹ ਕਾਰਨ ਐਂਟੀਗਾ ਦੇ ਨਾਰਥ ਸਾਊਂਡ ਵਿਚ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਕਾਰਨ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਮੀਂਹ ਬੰਦ ਹੋਣ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਉਸ ਤੋਂ ਬਾਅਦ ਕੈਰੇਬਿਆਈ ਗੇਂਦਬਾਜ਼ ਭਾਰਤੀ ਟੀਮ ਦੇ ਉਪਰੀ ਬੱਲੇਬਾਜ਼ਾਂ 'ਤੇ ਟੁੱਟ ਕੇ ਪੈ ਗਏ। ਖ਼ਬਰ ਲਿਖੇ ਜਾਣ ਤਕ ਭਾਰਤ ਨੇ 24 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 68 ਦੌੜਾਂ ਬਣਾ ਲਈਆਂ ਸਨ। ਓਪਨਰ ਕੇਐੱਲ ਰਾਹੁਲ 32 ਅਤੇ ਉਪ ਕਪਤਾਨ ਅਜਿੰਕੇ ਰਹਾਣੇ 10 ਦੌੜਾਂ ਬਣਾ ਕੇ ਟਿਕੇ ਹੋਏ ਸਨ।

ਭਾਰਤੀ ਉਪਰੀ ਬੱਲੇਬਾਜ਼ ਉਛਾਲ ਭਰੀ ਪਿੱਚ 'ਤੇ ਲਾਲ ਗੇਂਦ ਦੇ ਸਾਹਮਣੇ ਨੱਚਦੇ ਨਜ਼ਰ ਆਏ। ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਕਰਨ ਦੇ ਇਰਾਦੇ ਨਾਲ ਵੈਸਟ ਇੰਡੀਜ਼ ਖਿਲਾਫ਼ ਆਪਣੇ ਪਹਿਲੇ ਮੁਕਾਬਲੇ ਵਿਚ ਸਰ ਵਿਵ ਰਿਚਰਡਸ ਸਟੇਡੀਅਮ ਵਿਚ ਉੱਤਰੀ ਸੀ ਪਰ ਮੇਜ਼ਾਬਾਨ ਗੇਂਦਬਾਜ਼ ਵੀ ਕੁਝ ਅਲੱਗ ਹੀ ਸੋਚ ਨਾਲ ਆਏ ਸਨ। ਕੈਰੇਬਿਆਈ ਟੀਮ ਨੇ ਆਪਣੀ ਪਿਛਲੀ ਘਰੇਲੂ ਟੈਸਟ ਲੜੀ ਵਿਚ ਇੰਗਲੈਂਡ ਵਰਗੀ ਮਜ਼ਬੂਤ ਟੀਮ ਨੂੰ ਮਾਤ ਦਿੱਤੀ ਸੀ ਅਤੇ ਇਸ ਵਾਰ ਵੀ ਉਸ ਨੂੰ ਹਲਕੇ ਵਿਚ ਲਿਆ ਜਾ ਰਿਹਾ ਸੀ ਪਰ ਉਸ ਦੇ ਤੇਜ਼ ਗੇਂਦਬਾਜ਼ਾਂ ਕੇਮਾਰਾ ਰੋਚ ਅਤੇ ਸ਼ੋਨਾਨ ਗੇਰਬੀਅਲ ਨੇ ਭਾਰਤੀ ਬੱਲੇਬਾਜ਼ਾਂ ਦੀ ਕੜੀ ਪ੍ਰਰੀਖਿਆ ਲਈ। ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ, ਟੀਮ ਦੇ ਸਭ ਤੋਂ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਅਤੇ ਕੋਹਲੀ ਉਛਾਲ ਭਰੀਆਂ ਗੇਂਦਾਂ ਦੇ ਸਾਹਮਣੇ ਬੇਵੱਸ ਨਜ਼ਰ ਆਏ।

ਸੱਤ ਦੌੜਾਂ 'ਤੇ ਗੁਆਈਆਂ ਦੋ ਵਿਕਟਾਂ : ਰੋਚ ਦੀ ਗੇਂਦ ਨੂੰ ਭਾਰਤੀ ਓਪਨਰ ਮਿਅੰਕ ਸਮਝ ਨਹੀਂ ਸਕੇ ਅਤੇ ਗੇਂਦ ਉਨ੍ਹਾਂ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਵਿਕਟਕੀਪਰ ਸ਼ਾਈ ਹੋਪ ਦੇ ਹੱਥਾਂ ਵਿਚ ਚਲੀ ਗਈ। ਮਿਅੰਕ ਪੰਜ ਦੌੜਾਂ ਬਣਾ ਕੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਹਾਲਾਂਕਿ ਮੈਦਾਨੀ ਅੰਪਾਇਰ ਨੇ ਮਿਅੰਕ ਨੂੰ ਆਊਟ ਨਹੀਂ ਦਿੱਤਾ ਸੀ ਪਰ ਹੋਲਡਰ ਨੇ ਡੀਆਰਐੱਸ ਲਿਆ ਅਤੇ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਬਦਲ ਦਿੱਤਾ। ਇਸ ਤੋਂ ਬਾਅਦ ਪਿੱਚ 'ਤੇ 68 ਟੈਸਟ ਮੈਚ ਖੇਡ ਚੁੱਕੇ ਪੁਜਾਰਾ ਤੋਂ ਉਮੀਦਾਂ ਸਨ ਪਰ ਉਹ ਟੀਮ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਉਹ ਗਰੇਬੀਅਲ ਦੀ ਗੇਂਦ 'ਤੇ ਹੋਪ ਨੂੰ ਕੈਚ ਦੇ ਬੈਠੇ। ਪੁਜਾਰਾ ਸਿਰਫ਼ ਦੋ ਦੌੜਾਂ ਬਣਾ ਸਕੇ। ਭਾਰਤੀ ਟੀਮ ਸੱਤ ਦੌੜਾਂ 'ਤੇ ਦੋ ਵਿਕਟਾਂ ਗੁਆ ਚੁੱਕੀ ਸੀ। ਵਿਰਾਟ ਕੋਹਲੀ ਰੋਚ ਦੀ ਗੇਂਦ 'ਤੇ ਚੌਕਾ ਕੱਢਣ ਦੇ ਚੱਕਰ ਵਿਚ ਬਰੂਕਸ ਨੂੰ ਕੈਚ ਦੇ ਬੈਠੇ। ਉਹ 9 ਦੌੜਾਂ ਬਣਾ ਕੇ ਪਰਤ ਗਏ। ਉਨ੍ਹਾਂ ਨੂੰ ਗੇਂਦਾਂ ਦੀ ਸਮਝ ਨਹੀਂ ਆ ਰਹੀ ਸੀ। ਇਸ ਤਰ੍ਹਾਂ ਭਾਰਤ ਨੇ ਆਪਣੇ ਤਿੰਨ ਮਹੱਤਵਪੂਰਨ ਵਿਕਟਾਂ 25 ਦੌੜਾਂ 'ਤੇ ਗੁਆ ਦਿੱਤੀਆਂ।

ਵਿਰਾਟ ਨੇ ਰਹਾਣੇ ਨੂੰ ਤਵੱਜੋ ਦਿੱਤੀ

ਨਵੀਂ ਦਿੱਲੀ : ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਵਿਚ ਰਿਕਾਰਡ ਪੰਜ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ 'ਤੇ ਚਾਰ ਟੈਸਟ ਖੇਡਣ ਵਾਲਾ ਬੱਲੇਬਾਜ਼ੀ ਭਾਰੀ ਪੈ ਗਿਆ। ਵੈਸਟ ਇੰਡੀਜ਼ ਖਿਲਾਫ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰੋਹਿਤ ਨੂੰ ਕਪਤਾਨ ਕੋਹਲੀ ਮੌਕਾ ਨਹੀਂ ਦੇਣਗੇ ਅਤੇ ਅਜਿੰਕੇ ਰਾਹਣੇ ਨੂੰ ਸ਼ਾਮਲ ਕੀਤਾ ਜਾਵੇਗਾ। ਕੋਹਲੀ ਨੇ ਅਜਿਹਾ ਹੀ ਕੀਤਾ। ਉਨ੍ਹਾਂ ਨੇ ਰਹਾਣੇ ਦੇ ਨਾਲ ਬਿਹਾਰੀ ਨੂੰ ਵੀ ਟੀਮ ਵਿਚ ਰੱਖਿਆ ਅਤੇ ਰੋਹਿਤ ਨੂੰ ਨਿਰਾਸ਼ ਹੋਣਾ ਪਿਆ। ਇਸ ਦੇ ਨਾਲ ਹੀ ਵਿਰਾਟ ਨੇ ਰਵੀਚੰਦਰਨ ਅਸ਼ਿਵਨ ਅਤੇ ਕੁਲਦੀਪ ਯਾਦਵ ਨੂੰ ਵੀ ਸ਼ਾਮਲ ਨਹੀਂ ਕੀਤਾ। ਉਨ੍ਹਾਂ ਨੇ ਇਕੱਲੇ ਸਪਿਨਰ ਦੇ ਤੌਰ 'ਤੇ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ।