ਨਵੀਂ ਦਿੱਲੀ : ਟੋਕੀਓ ਪੈਰਾਲੰਪਿਕਸ (Tokyo Paralympics 2020) ਦੇ ਆਖਰੀ ਦਿਨ ਨੋਇਡਾ ਦੇ DM (Noida DM) ਸਾਹਬ ਛਾ ਗਏ। 38 ਸਾਲ ਦੇ IAS ਅਧਿਕਾਰੀ ਹਿੰਦੁਸਤਾਨ ਲਈ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੇ। ਇਨ੍ਹਾਂ ਖੇਡਾਂ 'ਚ ਭਾਰਤ ਦਾ ਇਹ 18ਵਾਂ ਮੈਡਲ ਹੈ। ਭਾਰਤ ਦੇ ਪੈਰਾ-ਸ਼ਟਲਰ ਸੁਹਾਸ ਯਤੀਰਾਜ (Suhas Yathiraj) ਪੁਰਸ਼ਾਂ ਦੇ ਬੈਡਮਿੰਟਨ ਈਵੈਂਟ ਦੇ SL4 ਕੈਟਾਗਰੀ ਦਾ ਗੋਲਡ ਮੈਡਲ ਮੈਚ ਹਾਰ ਗਏ। ਗੋਲਡ ਮੈਡਲ ਲਈ ਫਰਾਂਸ ਦੇ ਲੁਕਾਸ ਮਜ਼ੂਰ ਦੇ ਨਾਲ ਉਨ੍ਹਾਂ ਦਾ ਰੋਮਾਂਚਕ ਤੇ ਤਕੜਾ ਮੈਚ ਹੋਇਆ ਜਿਸ ਵਿਚ ਉਨ੍ਹਾਂ ਨੂੰ 21-15, 17-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਫਰਾਂਸ ਦੇ ਲੁਕਾਸ ਮਜ਼ੂਰ ਸ਼ੁਰੂਆਤ ਤੋਂ ਹੀ ਗੋਲਡ ਮੈਡਲ ਮੈਚ ਜਿੱਤਣ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ, ਇਸ ਦੀ ਵਜ੍ਹਾ ਵੀ ਸੀ। ਅਸਲ ਵਿਚ ਟੋਕੀਓ ਪੈਰਾਲੰਪਿਕਸ 'ਚ ਉਹ ਪਹਿਲਾਂ ਵੀ ਸੁਹਾਸ ਯਤੀਰਾਜ ਨੂੰ ਹਰਾ ਚੁੱਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਰੈਂਕਿੰਗ ਵੀ ਨੰਬਰ ਵਨ ਸੀ। ਹਾਲਾਂਕਿ ਸੁਹਾਸ ਕੋਲ ਫਾਈਨਲ ਜਿੱਤ ਕੇ ਪਹਿਲੀ ਹਾਰ ਦਾ ਬਦਲਾ ਲੈਣ ਦਾ ਪੂਰਾ ਮੌਕਾ ਸੀ, ਪਰ ਇਸ ਮੌਕੇ ਦਾ ਉਹ ਲਾਹਾ ਨਹੀਂ ਲੈ ਸਕੇ ਤੇ ਇਸ ਤਰ੍ਹਾਂ ਚਾਂਦੀ ਦੇ ਮੈਡਲ 'ਤੇ ਵੀ ਸੋਨੇ ਦਾ ਰੰਗ ਨਹੀਂ ਚੜ੍ਹ ਸਕਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਹਾਸ ਐੱਲ ਯਤੀਰਾਜ ਨੂੰ ਵਧਾਈ ਦਿੱਤੀ ਹੈ ਤੇ ਟਵੀਟ ਕਰਦੇ ਹੋਏ ਕਿਹਾ, 'ਸੇਵਾ ਤੇ ਖੇਡ ਦਾ ਇਕ ਸ਼ਾਨਦਾਰ ਸੰਗਮ! ਡੀਐੱਮ ਗੌਤਮਬੁੱਧ ਨਗਰ ਸੁਹਾਸ ਯਤੀਰਾਜ ਨੇ ਆਪਣੇ ਆਸਾਧਾਰਨ ਖੇਡ ਪ੍ਰਦਰਸ਼ਨ ਨਾਲ ਸਾਡੇ ਪੂਰੇ ਦੇਸ਼ ਦੀ ਕਲਪਨਾ 'ਤੇ ਕਬਜ਼ਾ ਕਰ ਲਿਆ ਹੈ। ਬੈਡਮਿੰਟਨ 'ਚ ਸਿਲਵਰ ਮੈਡਲ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ। ਉਨ੍ਹਾਂ ਨੂੰ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।'

Posted By: Seema Anand